ਕਾਂਗਰਸ-ਐਨਸੀਪੀ ਵਿਚਾਲੇ ਸਾਰੇ ਮੁੱਦਿਆਂ 'ਤੇ ਸਹਿਮਤੀ ਬਣੀ

ਏਜੰਸੀ

ਖ਼ਬਰਾਂ, ਰਾਜਨੀਤੀ

ਅੱਜ ਮੁੰਬਈ ਵਿਚ ਤੈਅ ਹੋਵੇਗੀ ਨਵੀਂ ਸਰਕਾਰ ਦੀ ਰੂਪਰੇਖਾ

Congress-NCP

ਨਵੀਂ ਦਿੱਲੀ: ਮਹਾਰਾਸ਼ਟਰ ਵਿਚ ਸਰਕਾਰ ਦੀ ਕਾਇਮੀ ਸਬੰਧੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਗੱਲਬਾਤ ਦੀ ਕਵਾਇਦ ਵੀਰਵਾਰ ਨੂੰ ਪੂਰੀ ਹੋ ਗਈ ਅਤੇ ਸ਼ੁਕਰਵਾਰ ਨੂੰ ਨਵੀਂ ਸਰਕਾਰ ਦੇ ਗਠਨ ਅਤੇ ਇਸ ਦੀ ਰੂਪਰੇਖਾ ਬਾਰੇ ਆਖ਼ਰੀ ਫ਼ੈਸਲਾ ਕੀਤਾ ਜਾ ਸਕਦਾ ਹੈ। ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਬੈਠਕ ਮਗਰੋਂ ਰਾਜ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਕਿਹਾ ਕਿ ਕਾਂਗਰਸ ਅਤੇ ਐਨਸੀਪੀ ਵਿਚਾਲੇ ਸਾਰੇ ਮੁੱਦਿਆਂ 'ਤੇ ਗੱਲਬਾਤ ਹੋ ਗਈ ਹੈ ਅਤੇ ਸਹਿਮਤੀ ਵੀ ਬਣ ਗਈ ਹੈ। ਚਵਾਨ ਮੁਤਾਬਕ ਹੁਣ ਦੋਵੇਂ ਪਾਰਟੀਆਂ ਸ਼ੁਕਰਵਾਰ ਨੂੰ ਮੁੰਬਈ ਵਿਚ ਅਪਣੇ ਛੋਟੇ ਭਾਈਵਾਲ ਦਲਾਂ ਅਤੇ ਸ਼ਿਵ ਸੈਨਾ ਨਾਲ ਗੱਲਬਾਤ ਕਰਨਗੀਆਂ। ਉਨ੍ਹਾਂ ਕਿਹਾ ਕਿ ਕਲ ਮੁੰਬਈ ਵਿਚ ਹੀ ਇਸ ਬਾਰੇ ਵਿਚਾਰ ਹੋਵੇਗਾ ਕਿ ਨਵੀਂ ਸਰਕਾਰ ਦਾ ਕੀ ਰੂਪ ਹੋਵੇਗਾ।

ਸੂਤਰਾਂ ਦਾ ਕਹਿਣਾ ਹੈ ਕਿ ਸ਼ੁਕਰਵਾਰ ਨੂੰ ਹੀ ਮੁੰਬਈ ਵਿਚ ਸਰਕਾਰ ਕਾਇਮੀ ਅਤੇ ਇਸ ਦੀ ਪੂਰੀ ਰੂਪਰੇਖਾ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਇਸ ਬੈਠਕ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ, ਜੈਰਾਮ ਰਮੇਸ਼ ਅਤੇ ਮਲਿਕਾਅਰਜੁਨ ਖੜਗੇ ਸ਼ਾਮਲ ਸਨ। ਐਨਸੀਪੀ ਵਲੋਂ ਪ੍ਰਫੁੱਲ ਪਟੇਲ, ਸੁਪਰਿਯਾ ਸੁਲੇ, ਅਜੀਤ ਪਵਾਰ, ਜਯੰਤ ਪਾਟਿਲ ਅਤੇ ਨਵਾਬ ਮਲਿਕ ਸ਼ਾਮਲ ਸਨ। ਇਸ ਤੋਂ ਪਹਿਲਾਂ, ਕਾਂਗਰਸ ਦੀ ਨੀਤੀ ਨਿਰਧਾਰਣ ਇਕਾਈ ਕਾਂਗਰਸ ਕਾਰਜਕਾਰਣੀ ਨੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਸਰਕਾਰ ਦੇ ਗਠਨ ਲਈ ਅੱਗੇ ਵਧਣ ਵਾਸਤੇ ਵੀਰਵਾਰ ਨੂੰ ਪ੍ਰਵਾਨਗੀ ਦੇ ਦਿਤੀ।

ਕਾਂਗਰਸ ਅਤੇ ਐਨਸੀਪੀ ਦੇ ਸੀਨੀਅਰ ਆਗੂਆਂ ਨੇ ਬੁਧਵਾਰ ਨੂੰ ਵੀ ਬੈਠਕ ਕੀਤੀ ਸੀ ਅਤੇ ਇਸ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਛੇਤੀ ਹੀ ਰਾਜ ਵਿਚ ਸ਼ਿਵ ਸੈਨਾ ਨਾਲ ਮਿਲ ਕੇ ਨਵੀਂ ਸਰਕਾਰ ਦਾ ਗਠਨ ਕਰਨਗੇ। ਬੀਤੀ 24 ਅਕਤੂਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਸਰਕਾਰ ਗਠਨ ਬਾਰੇ ਲਗਾਤਾਰ ਭੰਬਲਭੂਸੇ ਦੀ ਹਾਲਤ ਬਣੀ ਹੋਈ ਸੀ। ਚੋਣਾਂ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਬਹੁਮਤ ਮਿਲਿਆ ਸੀ ਪਰ ਢਾਈ ਸਾਲਾਂ ਲਈ ਮੁੱਖ ਮੰਤਰੀ ਅਹੁਦੇ 'ਤੇ ਸ਼ਿਵ ਸੈਨਾ ਦੇ ਦਾਅਵੇ ਮਗਰੋਂ ਦੋਹਾਂ ਦੇ ਰਸਤੇ ਅਲੱਗ ਹੋ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।