ਅਮਰੀਕੀ ਸੰਸਦ ਮੈਂਬਰਾਂ ਦੀ ਤਾਰੀਫ਼ ਕਰਦਿਆਂ ਰਾਹੁਲ ਗਾਂਧੀ ’ਤੇ ਅਸਿੱਧਾ ਨਿਸ਼ਾਨਾ ਲਾ ਗਏ ਮੋਦੀ
ਕਿਹਾ, ਜਦੋਂ ਅਸੀਂ ਅਪਣੇ ਦੇਸ਼ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਇਕਜੁਟ ਹੋਣਾ ਚਾਹੀਦਾ ਹੈ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਲ ਅਪਣੇ ਰਿਸ਼ਤਿਆਂ ਦਾ ਜਸ਼ਨ ਮਨਾਉਣ ਲਈ ਅਮਰੀਕੀ ਕਾਂਗਰਸ ਦੇ ਮੈਂਬਰਾਂ ਦੇ ਇਕਜੁਟ ਹੋਣ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੇਸ਼ ’ਚ ਵਿਚਾਰਾਂ ’ਤੇ ਵਾਦ-ਵਿਵਾਦ ਜ਼ਰੂਰ ਹੋਣਾ ਚਾਹੀਦਾ ਹੈ ਪਰ ਦੇਸ਼ ਲਈ ਬੋਲਦੇ ਸਮੇਂ ਵੀ ਲੋਕਾਂ ਨੂੰ ਇਕਜੁਟ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਹ ਟਿਪਣੀ ਰਾਹੁਲ ਗਾਂਧੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਕੇਂਦਰ ਸਰਕਾਰ ’ਤੇ ਵਾਰ-ਵਾਰ ਕੀਤੇ ਜਾਣ ਵਾਲੇ ਹਮਲਿਆਂ ਦੀ ਪਿੱਠਭੂਮੀ ’ਚ ਕੀਤੀ ਹੈ।
ਇਹ ਵੀ ਪੜ੍ਹੋ: ਬਿਹਾਰ ’ਚ ਵਿਰੋਧੀ ਧਿਰਾਂ ਦੀ ਬੈਠਕ ’ਤੇ ਬੋਲੀ ਭਾਜਪਾ, ਕਾਂਗਰਸ ’ਤੇ ਲਾਇਆ ਨਿਸ਼ਾਨਾ
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿੱਛੇ ਜਿਹੇ ਅਮਰੀਕਾ ਦੀ ਯਾਤਰਾ ਕੀਤੀ ਸੀ ਅਤੇ ਉਹ ਅਕਸਰ ਦੇਸ਼ ’ਚ ਸਮੱਸਿਆਵਾਂ ਨਾਲ ਨਜਿੱਠਣ ਲਈ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਕਸਰ ਵਿਰੋਧੀ ਆਗੂਆਂ ਦੀਆਂ ਇਨ੍ਹਾਂ ਟਿਪਣੀਆਂ ਨੂੰ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਵਿਦੇਸ਼ਾਂ ’ਚ ਦੇਸ ਦਾ ਅਕਸ ਵਿਗਾੜਣ ਦੀ ਕੋਸ਼ਿਸ਼ ਵਜੋਂ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ, ‘‘ਮੈਂ ਵਿਚਾਰਾਂ ਅਤੇ ਵਿਚਾਰਧਾਰਾ ਦੀ ਬਹਿਸ ਸਮਝ ਸਕਦਾ ਹਾਂ। ਪਰ ਅੱਜ ਮੈਨੂੰ ਇਹ ਵੇਖ ਕੇ ਖ਼ੁਸ਼ੀ ਹਈ ਹੈ ਕਿ ਤੁਸੀ ਦੁਨੀਆ ਦੇ ਦੋ ਮਹਾਨ ਲੋਕਤੰਤਰ ਭਾਰਤ ਅਤੇ ਅਮਰੀਕਾ ਵਿਚਾਕਾਰ ਰਿਸ਼ਤਿਆਂ ਦਾ ਜਸ਼ਨ ਮਨਾਉਣ ਲਈ ਇਕੱਠੇ ਅੱਗੇ ਆਏ ਹੋ।’’ ਉਨ੍ਹਾਂ ਕਿਹਾ, ‘‘ਦੇਸ਼ ’ਚ ਵਿਹਾਰਾਂ ’ਤੇ ਵਾਦ-ਵਿਵਾਦ ਹੋਣਾ ਚਾਹੀਦਾ ਹੈ, ਪਰ ਜਦੋਂ ਅਸੀਂ ਅਪਣੇ ਦੇਸ਼ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਇਕਜੁਟ ਹੋਣਾ ਚਾਹੀਦਾ ਹੈ ਅਤੇ ਤੁਸੀਂ ਵਿਖਾਇਆ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ। ਵਧਾਈਆਂ।’’