54 ਵਿਧਾਇਕਾਂ ਦਾ ਸਮਰਥਨ ਪੱਤਰ ਲੈ ਕੇ ਗਏ ਸੀ ਅਜੀਤ ਪਵਾਰ, ਹੁਣ ਸਿਰਫ਼ 3 ਬਚੇ

ਏਜੰਸੀ

ਖ਼ਬਰਾਂ, ਰਾਜਨੀਤੀ

ਸ਼ਰਦ ਪਵਾਰ ਨੇ ਅਜਿਹਾ ਪਾਸਾ ਪਲਟਿਆ ਕਿ ਸ਼ਾਮ ਨੂੰ 54 ਵਿਚੋਂ 50 MLAs ਨੇ ਅਜੀਤ ਪਵਾਰ ਵਿਰੁਧ ਲਿਖਤੀ ਮਤਾ ਪਾਸ ਕਰ ਕੇ ਉਸ ਨੂੰ ਅਸੈਂਬਲੀ ਪਾਰਟੀ ਦੇ ਨੇਤਾ ਵਜੋਂ ਹਟਾ ਦਿਤਾ

NCP Says 50 of Its 54 MLAs Back in Sharad Pawar's Camp

ਮਹਾਰਾਸ਼ਟਰ : ਰਾਤ ਦੇ ਹਨੇਰੇ ਵਿਚ ਕਾਰਵਾਈ ਕਰ ਕੇ ਸਵੇਰੇ 8 ਵਜੇ ਬੀਜੇਪੀ ਸਰਕਾਰ ਬਣਾ ਦਿਤੀ ਪਰ ਸ਼ਾਮ ਤਕ ਸ਼ਿਵ ਸੈਨਾ ਤੇ ਐਨ.ਸੀ.ਪੀ. ਦੇ ਵੱਡੇ ਆਗੂ ਤੇ ਮਰਾਠਾ ਆਗੂ ਸ਼ਰਦ ਪਵਾਰ ਨੇ ਅਜਿਹਾ ਪਾਸਾ ਪਲਟਿਆ ਕਿ ਸ਼ਾਮ ਨੂੰ 54 ਵਿਚੋਂ 50 ਐਮ.ਐਲ.ਏਜ਼ ਨੇ ਅਜੀਤ ਪਵਾਰ ਵਿਰੁਧ ਲਿਖਤੀ ਮਤਾ ਪਾਸ ਕਰ ਕੇ ਉਸ ਨੂੰ ਅਸੈਂਬਲੀ ਪਾਰਟੀ ਦੇ ਨੇਤਾ ਵਜੋਂ ਹਟਾ ਦਿਤਾ ਤੇ ਬੀਜੇਪੀ ਨੂੰ ਕੰਬਣੀ ਛੇੜ ਦਿਤੀ। ਉਧਰ ਦਿੱਲੀ ਵਿਚ ਕਾਂਗਰਸ ਪਾਰਟੀ ਮਾਮਲਾ ਸੁਪਰੀਮ ਕੋਰਟ ਵਿਚ ਲੈ ਗਈ ਹੈ ਤੇ ਮੰਗ ਕਰ ਰਹੀ ਹੈ ਕਿ ਸੁਪਰੀਮ ਕੋਰਟ ਰਾਤ ਨੂੰ ਹੀ ਮਾਮਲਾ ਸੁਣਾ ਲਵੇ ਤੇ ਇਨਸਾਫ਼ ਦੇ ਦੇਵੇ। ਮਿਲੀ ਸੂਚਨਾ ਅਨੁਸਾਰ, ਅੱਜ 11.30 ਵਜੇ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ।

ਦੱਸ ਦਈਏ ਕਿ ਫੜਨਵੀਸ ਦਾ ਸਹੁੰ ਚੁੱਕ ਸਮਾਗਮ ਅਜਿਹੇ ਸਮੇਂ ਹੋਇਆ ਜਦ ਇਕ ਦਿਨ ਪਹਿਲਾਂ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਵਿਚਾਲੇ ਮੁੱਖ ਮੰਤਰੀ ਅਹੁਦੇ ਲਈ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਦੇ ਨਾਮ 'ਤੇ ਸਹਿਮਤੀ ਬਣੀ ਸੀ। ਫੜਨਵੀਸ ਦੀ ਮੁੱਖ ਮੰਤਰੀ ਵਜੋਂ ਵਾਪਸੀ ਨਾਲ ਰਾਜ ਵਿਚ ਮਹੀਨੇ ਭਰ ਤੋਂ ਚੱਲ ਰਿਹਾ ਰਾਜਸੀ ਰੇੜਕਾ ਫ਼ਿਲਹਾਲ ਖ਼ਤਮ ਹੋ ਗਿਆ ਲਗਦਾ ਸੀ। ਸ਼ਰਦ ਪਵਾਰ ਨੇ ਸ਼ੁਕਰਵਾਰ ਰਾਤ ਨੂੰ ਕਿਹਾ ਸੀ ਕਿ ਨਵੀਂ ਸਰਕਾਰ ਦੀ ਅਗਵਾਈ ਊਧਵ ਠਾਕਰੇ ਕਰਨਗੇ। ਤਿੰਨਾਂ ਪਾਰਟੀਆਂ ਨੇ ਨਵੀਂ ਸਰਕਾਰ ਦੇ ਗਠਨ ਲਈ ਘੱਟੋ ਘੱਟ ਸਾਂਝੇ ਪ੍ਰੋਗਰਾਮ ਦਾ ਖਰੜਾ ਵੀ ਤਿਆਰ ਕਰ ਲਿਆ ਸੀ।

ਸਹੁੰ ਚੁੱਕ ਸਮਾਗਮ ਮਗਰੋਂ ਸ਼ਰਦ ਪਵਾਰ ਨੇ ਟਵਿਟਰ 'ਤੇ ਕਿਹਾ, 'ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਅਜੀਤ ਪਵਾਰ ਦਾ ਨਿਜੀ ਫ਼ੈਸਲਾ ਹੈ। ਇਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਫ਼ੈਸਲਾ ਨਹੀਂ। ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਫ਼ੈਸਲੇ ਦਾ ਸਮਰਥਨ ਨਹੀਂ ਕਰਦੇ।' ਚੋਣਾਂ ਵਿਚ ਭਾਜਪਾ ਅਤੇ ਸ਼ਿਵ ਸੈਨਾ ਨੇ 288 ਮੈਂਬਰੀ ਵਿਧਾਨ ਸਭਾ ਵਿਚ ਕ੍ਰਮਵਾਰ 105 ਅਤੇ 56 ਸੀਟਾਂ ਜਿੱਤੀਆਂ ਸਨ ਪਰ ਸ਼ਿਵ ਸੈਨਾ ਨੇ ਭਾਜਪਾ ਦੁਆਰਾ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਢਾਈ ਸਾਲ ਲਈ ਦੇਣ ਤੋਂ ਇਨਕਾਰ ਕਰਨ ਕਰ ਕੇ ਤਿੰਨ ਦਹਾਕੇ ਪੁਰਾਣਾ ਗਠਜੋੜ ਤੋੜ ਲਿਆ ਸੀ। ਦੂਜੇ ਪਾਸੇ, ਐਨਸੀਪੀ ਨੇ 54 ਅਤੇ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ।

 

ਮੋਦੀ ਤੇ ਪਵਾਰ ਦੀ ਪੁਰਾਣੀ ਸਾਂਝ
ਇਹ ਹੈਰਾਨੀਜਨਕ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਸੰਸਦ ਵਿਚ ਸ਼ਰਦ ਪਵਾਰ ਦੀ ਪਾਰਟੀ ਦੀ ਤਾਰੀਫ਼ ਕੀਤੀ ਸੀ ਤੇ ਉਹ ਵੀ ਅਜਿਹੇ ਸਮੇਂ ਜਦ ਐਨਸੀਪੀ ਮਹਾਰਾਸ਼ਟਰ ਵਿਚ ਗ਼ੈਰ-ਭਾਜਪਾ ਗਠਜੋੜ ਬਣਾਉਣ ਦੇ ਯਤਨਾਂ ਵਿਚ ਲੱਗੀ ਹੋਈ ਸੀ। ਦਿੱਲੀ ਵਿਚ ਮੋਦੀ ਨਾਲ ਪਵਾਰ ਦੀ ਹਾਲ ਹੀ ਵਿਚ ਹੋਈ ਬੈਠਕ ਤੋਂ ਵੀ ਮਹਾਰਾਸ਼ਟਰ ਦੇ ਰਾਜਨੀਤਕ ਗਲਿਆਰੇ ਵਿਚ ਕਿਆਸਿਆਂ ਦਾ ਦੌਰ ਚੱਲ ਪਿਆ ਸੀ।

ਮੋਦੀ ਨੇ ਹਮੇਸ਼ਾ ਪਵਾਰ ਦੀ ਤਾਰੀਫ਼ ਕੀਤੀ ਅਤੇ ਉਹ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੋਦੀ ਵਿਰੁਧ ਤਿੱਖਾ ਹਮਲਾ ਕਰਨ ਤੋਂ ਬਚਦੇ ਰਹੇ। ਮੋਦੀ ਨੇ ਹਾਲ ਹੀ ਵਿਚ ਉਦੋਂ ਤਾਰੀਫ਼ ਕੀਤੀ ਸੀ ਜਦ ਉਹ ਰਾਜ ਸਭਾ ਦੇ 250ਵੇਂਂ ਇਜਲਾਸ ਵਿਚ ਬੋਲ ਰਹੇ ਸਨ। ਮੋਦੀ ਨੇ 2016 ਦੇ ਕਿਸੇ ਸਮਾਗਮ ਵਿਚ ਕਿਹਾ ਕਿ ਉਹ ਪਵਾਰ ਦਾ ਨਿਜੀ ਤੌਰ 'ਤੇ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਉਸ ਦੀ (ਮੋਦੀ) ਦੀ ਉਂਗਲੀ ਫੜ ਕੇ ਉਸ ਨੂੰ ਤੋਰਨ ਵਿਚ ਮਦਦ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।