ਗੁਲਾਮ ਨਬੀ ਆਜ਼ਾਦ ਨੇ ਲਾਂਚ ਕੀਤੀ ਨਵੀਂ ਪਾਰਟੀ, 'ਡੈਮੋਕਰੇਟਿਕ ਆਜ਼ਾਦ ਪਾਰਟੀ' ਰੱਖਿਆ ਨਾਂ

ਏਜੰਸੀ

ਖ਼ਬਰਾਂ, ਰਾਜਨੀਤੀ

ਉਹਨਾਂ ਨੇ 26 ਅਗਸਤ 2022 ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

Ghulam Nabi Azad announces name of his new party

 

ਨਵੀਂ ਦਿੱਲੀ:  ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ‘ਡੈਮੋਕ੍ਰੇਟਿਕ ਆਜ਼ਾਦ ਪਾਰਟੀ’ ਰੱਖਿਆ। ਸੋਮਵਾਰ ਨੂੰ ਜੰਮੂ 'ਚ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਨੇ ਪਾਰਟੀ ਦੇ ਨਾਂ ਦਾ ਐਲਾਨ ਕੀਤਾ। ਉਹਨਾਂ ਨੇ 26 ਅਗਸਤ 2022 ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਗੁਲਾਮ ਨਬੀ ਆਜ਼ਾਦ ਐਤਵਾਰ ਨੂੰ ਤਿੰਨ ਦਿਨਾਂ ਦੌਰੇ 'ਤੇ ਜੰਮੂ ਪਹੁੰਚੇ ਸਨ। ਉਹਨਾਂ ਨੇ ਆਪਣੀ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਉਹਨਾਂ ਦੇ ਨਾਂ ਵਰਗੀ ਹੋਵੇਗੀ ਅਤੇ ਸਾਰੇ ਧਰਮ ਨਿਰਪੱਖ ਲੋਕ ਇਸ ਵਿਚ ਸ਼ਾਮਲ ਹੋ ਸਕਦੇ ਹਨ। ਉਹ ਪਾਰਟੀ ਦਾ ਏਜੰਡਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ। ਇਸ ਵਿਚ ਜੰਮੂ ਅਤੇ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨਾ, ਸਥਾਨਕ ਲੋਕਾਂ ਲਈ ਜ਼ਮੀਨ ਅਤੇ ਨੌਕਰੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਸੰਘਰਸ਼ ਜਾਰੀ ਰੱਖਣਾ ਸ਼ਾਮਲ ਹੈ।

ਨਵੀਂ ਪਾਰਟੀ ਦੀ ਸ਼ੁਰੂਆਤ ਦੌਰਾਨ ਗੁਲਾਮ ਨਬੀ ਆਜ਼ਾਦ ਨੇ ਕਿਹਾ, “ਇਹ ਪੂਰੀ ਤਰ੍ਹਾਂ ਆਜ਼ਾਦ ਹੋਵੇਗੀ ਅਤੇ ਇਸ ਦੀ ਆਪਣੀ ਸੋਚ ਹੋਵੇਗੀ। ਕਿਸੇ ਪਾਰਟੀ ਜਾਂ ਆਗੂ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਆਜ਼ਾਦ ਰਹੇਗੀ। ਆਪਣੀ ਨਵੀਂ ਪਾਰਟੀ ਬਾਰੇ ਗੁਲਾਮ ਨਬੀ ਨੇ ਕਿਹਾ ਕਿ ਸਾਡੇ ਕੋਲ ਉਰਦੂ, ਸੰਸਕ੍ਰਿਤ ਵਿਚ ਕਰੀਬ 1500 ਨਾਮ ਭੇਜੇ ਗਏ ਸਨ। ਹਿੰਦੁਸਤਾਨੀ ਹਿੰਦੀ ਅਤੇ ਉਰਦੂ ਦਾ ਮਿਸ਼ਰਣ ਹੈ। ਅਸੀਂ ਚਾਹੁੰਦੇ ਸੀ ਕਿ ਨਾਮ ਜਮਹੂਰੀ, ਸ਼ਾਂਤਮਈ ਅਤੇ ਸੁਤੰਤਰ ਹੋਵੇ, ਇਸ ਲਈ ਪਾਰਟੀ ਦਾ ਇਹ ਨਾਮ ਤੈਅ ਕੀਤਾ ਗਿਆ।

ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ 'ਲੋਕਤੰਤਰ ਆਜ਼ਾਦ ਪਾਰਟੀ' ਦੇ ਝੰਡੇ ਨੂੰ ਵੀ ਲਾਂਚ ਕੀਤਾ। ਇਸ ਦੌਰਾਨ ਉਹਨਾਂ ਕਿਹਾ, “ਕਿਹਾ ਜਾਂਦਾ ਹੈ ਕਿ ਸਰ੍ਹੋਂ ਦਾ ਰੰਗ ਰਚਨਾਤਮਕਤਾ ਅਤੇ ਅਨੇਕਤਾ ਵਿਚ ਏਕਤਾ ਨੂੰ ਦਰਸਾਉਂਦਾ ਹੈ, ਚਿੱਟਾ ਰੰਗ ਸ਼ਾਂਤੀ ਅਤੇ ਨੀਲਾ ਰੰਗ ਆਜ਼ਾਦੀ, ਖੁੱਲ੍ਹੀ ਥਾਂ, ਕਲਪਨਾ ਅਤੇ ਸਮੁੰਦਰ ਦੀ ਡੂੰਘਾਈ ਤੋਂ ਅਸਮਾਨ ਦੀਆਂ ਉਚਾਈਆਂ ਤੱਕ ਸੀਮਾਵਾਂ ਨੂੰ ਦਰਸਾਉਂਦਾ ਹੈ"। ਆਜ਼ਾਦ ਨੇ ਦੱਸਿਆ ਸੀ ਕਿ ਨਵੀਂ ਪਾਰਟੀ ਦੀ ਵਿਚਾਰਧਾਰਾ ਉਹਨਾਂ ਦੇ ਨਾਂ ਵਰਗੀ ਹੋਵੇਗੀ ਅਤੇ ਇਸ ਵਿਚ ਸਿਰਫ਼ ਧਰਮ ਨਿਰਪੱਖ ਲੋਕ ਹੀ ਸ਼ਾਮਲ ਹੋ ਸਕਦੇ ਹਨ।