ਮੈਂ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੀ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਇਆਵਤੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਅਤੇ ਆਰਐਸਐਸ ਨੇ ਉਹਨਾਂ ਦੇ ਸਮਰਥਕਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਹੈ

Mayawati

 

ਲਖਨਊ:  ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਇਆਵਤੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਅਤੇ ਆਰਐਸਐਸ ਨੇ ਉਹਨਾਂ ਦੇ ਸਮਰਥਕਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਹੈ ਕਿ ਜੇਕਰ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਜਿੱਤਾਇਆ ਜਾਂਦਾ ਹੈ ਤਾਂ ਮਾਇਆਵਤੀ ਨੂੰ ਰਾਸ਼ਟਰਪਤੀ ਬਣਾਇਆ ਜਾਵੇਗਾ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਪਾਰਟੀ ਵੱਲੋਂ ਅਜਿਹੀ ਪੇਸ਼ਕਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।

Mayawati

ਬਸਪਾ ਮੁਖੀ ਮਾਇਆਵਤੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਅਹੁਦੇਦਾਰਾਂ, ਪ੍ਰਮੁੱਖ ਵਰਕਰਾਂ ਅਤੇ ਸਾਬਕਾ ਉਮੀਦਵਾਰਾਂ ਦੀ ਸਮੀਖਿਆ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਕਿਹਾ ਕਿ ਭਾਜਪਾ ਨੇ ਇਸ ਚੋਣ ਵਿਚ ਬਸਪਾ ਨੂੰ ਕਮਜ਼ੋਰ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਕੰਮ ਕੀਤਾ ਹੈ।

BJP

ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਕਾਰਨ ਦੱਸਦੇ ਹੋਏ ਕਿਹਾ, 'ਭਾਜਪਾ ਨੇ ਆਪਣੇ ਸੰਗਠਨ ਆਰਐਸਐਸ ਰਾਹੀਂ ਸਾਡੇ ਲੋਕਾਂ 'ਚ ਗਲਤ ਪ੍ਰਚਾਰ ਕੀਤਾ ਹੈ ਕਿ ਜੇਕਰ ਯੂਪੀ 'ਚ ਬਸਪਾ ਦੀ ਸਰਕਾਰ ਨਾ ਬਣੀ ਤਾਂ ਅਸੀਂ ਮਾਇਆਵਤੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਦੇਵਾਂਗੇ"। ਬਸਪਾ ਹੈੱਡਕੁਆਰਟਰ ਤੋਂ ਜਾਰੀ ਬਿਆਨ ਅਨੁਸਾਰ ਉਹਨਾਂ ਕਿਹਾ ਕਿ ਰਾਸ਼ਟਰਪਤੀ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ,  , ਉਹ ਇਸ ਬਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਬਸਪਾ ਮੁਖੀ ਨੇ ਕਿਹਾ ਕਿ ਉਹ ਇਹ ਵੀ ਜਾਣਦੇ ਹਨ ਕਿ ਉਹਨਾਂ ਦੀ ਪੇਸ਼ਕਸ਼ ਨੂੰ ਕਾਂਸ਼ੀ ਰਾਮ ਨੇ ਬਹੁਤ ਪਹਿਲਾਂ ਠੁਕਰਾ ਦਿੱਤਾ ਸੀ ਅਤੇ ਮੈਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹਾਂ।

Mayawati

ਮਾਇਆਵਤੀ ਨੇ ਕਿਹਾ ਕਿ ਜਦੋਂ ਕਾਂਸ਼ੀ ਰਾਮ ਨੇ ਇਹ ਅਹੁਦਾ ਸਵੀਕਾਰ ਨਹੀਂ ਕੀਤਾ ਤਾਂ ਉਹ ਇਹ ਅਹੁਦਾ ਕਿਵੇਂ ਸਵੀਕਾਰ ਕਰ ਸਕਦੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਆਪਣੀ ਪਾਰਟੀ ਅਤੇ ਅੰਦੋਲਨ ਦੇ ਹਿੱਤ ਵਿਚ ਕਦੇ ਵੀ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦਾ ਸਵੀਕਾਰ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ 'ਹੁਣ ਮੇਰਾ ਜੀਵਨ ਸੰਘਰਸ਼ ਹੈ ਅਤੇ ਸੰਘਰਸ਼ ਹੀ ਮੇਰੀ ਜ਼ਿੰਦਗੀ ਹੈ, ਭਾਵ ਹੁਣ ਮੇਰੇ ਜੀਵਨ ਦਾ ਹਰ ਪਲ ਪੂਰੇ ਦੇਸ਼ 'ਚ ਆਪਣੀ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ​​ਕਰਨ 'ਚ ਖਰਚ ਹੋਵੇਗਾ।'

BSP

ਬਸਪਾ ਪ੍ਰਧਾਨ ਨੇ ਸਭ ਤੋਂ ਪੱਛੜੀਆਂ ਸ਼੍ਰੇਣੀਆਂ, ਮੁਸਲਿਮ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਅਤੇ ਉੱਚ ਜਾਤੀਆਂ ਦੇ ਗਰੀਬ ਅਤੇ ਦੁਖੀ ਲੋਕਾਂ ਨੂੰ ਜੋੜਨ 'ਤੇ ਵੀ ਜ਼ੋਰ ਦਿੱਤਾ। ਮਾਇਆਵਤੀ ਨੇ ਇਹ ਵੀ ਦਾਅਵਾ ਕੀਤਾ ਕਿ ਹੁਣ ਮੁਸਲਿਮ ਸਮਾਜ ਦੇ ਲੋਕ ਸਪਾ ਨੂੰ ਵੋਟ ਦੇਣ ਤੋਂ ਪਛਤਾ ਰਹੇ ਹਨ। ਉਹਨਾਂ ਕਿਹਾ ਕਿ ਸਪਾ ਵਾਰ-ਵਾਰ ਮੁਸਲਮਾਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾ ਰਹੀ ਹੈ, ਇਸ ਲਈ ਦਿਸ਼ਾਹੀਣ ਲੋਕਾਂ ਨੂੰ ਸਪਾ ਦੇ ਚੁੰਗਲ 'ਚੋਂ ਕੱਢ ਕੇ ਆਪਣੀ ਪਾਰਟੀ 'ਚ ਵਾਪਸ ਲਿਆਉਣ ਲਈ ਯਤਨ ਕਰਨੇ ਪੈਣਗੇ।