ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ’ਚ ਵੀ ਸਫ਼ਲ ਨਾ ਹੋਣ ਦੀ ਚਰਚਾ

Captain Amarinder Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਜਲਦਬਾਜ਼ੀ ਵਿਚ ਮੀਟਿੰਗ ਕਰ ਕੇ ਚੁੱਕੇ ਗਏ ਕਦਮ ਕਾਰਨ ਨਵਜੋਤ ਸਿੱਧੂ  (Navjot Singh Sidhu)ਪੱਖੀ ਕੁੱਝ ਮੰਤਰੀਆਂ ਤੇ ਵਿਧਾਇਕਾਂ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ()Captain Amarinder Singh ਭਾਰੀ ਪੈ ਗਏ ਹਨ। ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੂੰ ਮਿਲਣ ਪਹੁੰਚੇ ਚਾਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਤੇ ਚਰਨਜੀਤ ਸਿੰਘ ਚੰਨੀ ਅਤੇ ਤਿੰਨ ਵਿਧਾਇਕ ਕੁਲਬੀਰ ਜ਼ੀਰਾ, ਸੁਰਜੀਤ ਧੀਮਾਨ ਤੇ ਬਰਿੰਦਰਮੀਤ ਪਾਹੜਾ ਇਕ ਵਾਰ ਤਾਂ ਰਾਵਤ ਵਲੋਂ ਮਿਲੇ ਭਰੋਸਿਆਂ ਕਾਰਨ ਸ਼ਾਂਤ ਹੋ ਗਏ ਸਨ ਪਰ  ਹਰੀਸ਼ ਰਾਵਤ ਵਲੋਂ ਖੁਲ੍ਹੇਆਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਚੋਣਾਂ ਲੜਨ ਨੂੰ ਲੈ ਕੇ ਦਿਤੇ ਬਿਆਨ ਨਾਲ ਪੈਦਾ ਹੋਈ ਪਾਰਟੀ ਅੰਦਰਲੀ ਸਥਿਤੀ ਕਾਰਨ ਮਾਮਲਾ ਮੁੜ ਉਲਝਿਆ ਹੈ।

ਹੋਰ ਪੜ੍ਹੋ: ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!

ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਪੱਖੀ ਮੰਤਰੀ ਤੇ ਵਿਧਾਇਕ ਦੇਹਰਾਦੂਨ ਤੋਂ ਚੰਡੀਗੜ੍ਹ ਵੱਲ ਵਾਪਸੀ ਦੀ ਥਾਂ ਦਿੱਲੀ ਵਲ ਚਲੇ ਗਏ ਸਨ। ਪਤਾ ਲੱਗਾ ਹੈ ਕਿ ਦਿੱਲੀ ਵਿਚ ਇਨ੍ਹਾਂ ਵਲੋਂ ਰਾਹੁਲ ਗਾਂਧੀ (Rahul Gandhi) ਨੂੰ ਮਿਲਣ ਦਾ ਯਤਨ ਕੀਤਾ ਗਿਆ ਪਰ ਮਿਲਣ ਵਿਚ ਸਫ਼ਲ ਨਹੀਂ ਹੋ ਸਕੇ। ਜਾਣਕਾਰਾਂ ਅਨੁਸਾਰ ਚਰਨਜੀਤ ਚੰਨੀ ਤਾਂ ਦਿੱਲੀ ਤੋਂ ਵਾਪਸ ਮੁੜ ਕੇ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋ ਗਏ ਪਰ ਬਾਕੀ ਤਿੰਨ ਮੰਤਰੀ ਮੀਟਿੰਗ ਵਿਚ ਨਹੀਂ ਆਏ। 

ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਸੁਣਨ ਵਿਚ ਆ ਰਹੇ ਹਨ ਪਰ ਅਸਲ ਸਥਿਤੀ ਆਉਂਦੇ ਇਕ ਦੋ ਦਿਨ ਵਿਚ ਸਪੱਸ਼ਟ ਹੋਵੇਗੀ। ਇਸੇ ਦੌਰਾਨ ਹਰੀਸ਼ ਰਾਵਤ ਵੀ ਅੱਜ ਨਵੀਂ ਦਿੱਲੀ ਪਹੁੰਚੇ ਅਤੇ ਉਨ੍ਹਾਂ ਵਲੋਂ ਪੰਜਾਬ ਦੇ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਬਾਅਦ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਹਾਈਕਮਾਨ ਨੂੰ ਸੂਬੇ ਦਾ ਇੰਚਾਰਜ ਹੋਣ ਨਾਤੇ ਅਪਣੀ ਰੀਪੋਰਟ ਸੌਂਪੀ ਹੈ। ਹੁਣ ਅਗਲਾ ਫ਼ੈਸਲਾ ਹਾਈਕਮਾਨ ਨੇ ਹੀ ਲੈਣਾ ਹੈ ਕਿ ਕਿਵੇਂ ਨਰਾਜ਼ਗੀਆਂ ਦੂਰ ਕੀਤੀਆਂ ਜਾਣ। ਹਰੀਸ਼ ਰਾਵਤ ਇਕ ਦੋ ਦਿਨ ਵਿਚ ਚੰਡੀਗੜ੍ਹ ਵੀ ਆ ਸਕਦੇ ਹਨ।