ਸ਼ਿਵ ਸੈਨਾ ਨੇ ਸੱਤਾ 'ਚ ਬਰਾਬਰ ਦੀ ਹਿੱਸੇਦਾਰੀ ਲਈ ਭਾਜਪਾ ਤੋਂ ਲਿਖਤੀ ਭਰੋਸਾ ਮੰਗਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਨਾ ਮੰਨੀ ਤਾਂ ਸਾਡੇ ਕੋਲ ਹੋਰ ਬਦਲ ਵੀ ਖੁੱਲ੍ਹੇ ਹਨ : ਸ਼ਿਵ ਸੈਨਾ

Shiv Sena

ਮੁੰਬਈ : ਮਹਾਰਾਸ਼ਟਰ 'ਚ ਨਵੀਂ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਾਅਵਾ ਪੇਸ਼ ਕਰਨ 'ਤੇ ਗੱਲਬਾਤ ਕਰਨ ਤੋਂ ਪਹਿਲਾਂ 'ਸੱਤਾ 'ਚ ਬਰਾਬਰ ਹਿੱਸੇਦਾਰੀ ਦੇ ਫ਼ਾਰਮੂਲੇ' (50:50) ਨੂੰ ਲਾਗੂ ਕਰਨ ਲਈ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅਪਣੀ ਸਹਿਯੋਗੀ ਪਾਰਟੀ ਤੋਂ ਸਨਿਚਰਵਾਰ ਨੂੰ ਲਿਖਤੀ ਰੂਪ 'ਚ ਭਰੋਸਾ ਦੇਣ ਨੂੰ ਕਿਹਾ। ਸ਼ਿਵ ਸੈਨਾ ਦੇ ਇਕ ਵਿਧਾਇਕ ਨੇ ਇਹ ਜਾਣਕਾਰੀ ਦਿਤੀ।

ਸ਼ਿਵ ਸੈਨਾ ਦੇ ਨਵੇਂ ਬਣੇ ਵਿਧਾਇਕਾਂ ਨੇ ਮੁੰਬਈ 'ਚ ਠਾਕਰੇ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਵੀਂ ਸਰਕਾਰ 'ਚ ਆਦਿਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ। ਵਿਧਾਇਕ ਨੇ ਕਿਹਾ, ''ਠਾਕਰੇ ਨੇ ਵੀ ਕਿਹਾ ਹੈ ਕਿ ਉਨ੍ਹਾਂ ਕੋਲ ਹੋਰ ਬਦਲ ਖੁੱਲ੍ਹੇ ਹਨ।'' ਪਰ ਉਹ ਇਨ੍ਹਾਂ ਵਲ ਇਸ ਲਈ ਧਿਆਨ ਨਹੀਂ ਦੇ ਰਹੇ ਕਿਉਂਕਿ ਭਾਜਪਾ ਅਤੇ ਸ਼ਿਵ ਸੈਨਾ ਹਿੰਦੂਤਵ ਦੀ ਵਿਚਾਰਧਾਰਾ ਰਖਦੀ ਹੈ। ਸੂਬੇ 'ਚ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਸ਼ਿਵ ਸੈਨਾ 56 ਸੀਟਾਂ 'ਤੇ ਜਿੱਤ ਦਰਜ ਕਰਨ ਤੋਂ ਦੋ ਦਿਨ ਬਾਅਦ, ਨਵੇਂ ਬਣੇ ਵਿਧਾਇਕਾਂ ਨੇ ਠਾਕਰੇ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਸ਼ਿਵ ਸੈਨਾ ਮੁਖੀ ਨੂੰ ਨਵੀਂ ਸਰਕਾਰ ਦੇ ਗਠਨ ਬਾਰੇ ਫ਼ੈਸਲਾ ਲੈਣ ਲਈ ਨਾਮਜ਼ਦ ਕੀਤਾ। ਸ਼ਿਵ ਸੈਨਾ ਤੋਂ ਲਿਖਤੀ ਭਰੋਸਾ ਮੰਗਣ ਨੂੰ ਉਸ ਦੇ ਦਬਾਅ ਦੀ ਤਰਕੀਬ ਵਜੋਂ ਵੇਖਿਆ ਜਾ ਰਿਹਾ ਹੈ। ਅਸਲ 'ਚ ਭਾਜਪਾ ਨੂੰ 2014 ਮੁਕਾਬਲੇ ਇਨ੍ਹਾਂ ਚੋਣਾਂ 'ਚ 17 ਸੀਟਾਂ ਦਾ ਨੁਕਸਾਨ ਹੋਇਆ ਹੈ ਅਤੇ ਉਸ ਦੀਆਂ ਸੀਟਾਂ ਦੀ ਗਿਣਤੀ 105 ਰਹਿ ਗਈ ਹੈ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਨੇ ਸ਼ਿਵ ਸੈਨਾ ਦੀ ਸੌਦੇਬਾਜ਼ੀ ਕਰਨ ਦੀ ਤਾਕਤ ਵਧਾ ਦਿਤੀ ਹੈ। ਹਾਲਾਂਕਿ ਸ਼ਿਵ ਸੈਨਾ ਦੀਆਂ ਸੀਟਾਂ ਦੀ ਗਿਣਤੀ 2014 'ਚ 63 ਦੇ ਮੁਕਾਬਲੇ ਹੁਣ 56 ਰਹਿ ਗਈ ਹੈ।

ਇਸ ਦੌਰਾਨ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਵਸਾਹਿਬ ਦਾਨਵੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਵਲੋਂ ਪ੍ਰਸਤਾਵਿਤ ਸੱਤਾ 'ਚ ਬਰਾਬਰ ਦੀ ਹਿੱਸੇਦਾਰੀ ਦੇ ਕਿਸੇ ਸੌਦੇ ਤੋਂ ਜਾਣੂ ਨਹੀਂ ਹੈ। ਉਨ੍ਹਾਂ ਕਿਹਾ, ''ਦੀਵਾਲੀ ਤੋਂ ਬਾਅਦ ਮੁੱਖ ਮੰਤਰੀ ਦਵਿੰਦਰ ਫੜਨਵੀਸ ਸਰਕਾਰ ਗਠਨ ਦੇ ਮੁੱਦੇ 'ਤੇ ਊਧਵ ਠਾਕਰੇ ਨਾਲ ਗੱਲਬਾਤ ਕਰਨਗੇ।''

ਉਧਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਮੁਖੀ ਸ਼ਰਦ ਯਾਦਵ ਨੇ ਸ਼ਿਵ ਸੈਨਾ ਦੀ ਹਮਾਇਤ ਕਰਨ ਦੀ ਗੱਲ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਉਹ ਜਨਤਾ ਦੇ ਫ਼ੈਸਲੇ ਦਾ ਮਾਣ ਕਰਦਿਆਂ ਵਿਰੋਧੀ ਧਿਰ 'ਚ ਬੈਠਣਗੇ। ਜਦਕਿ ਮਹਾਰਾਸ਼ਟਰ ਕਾਂਗਰਸ ਮੁਖੀ ਬਾਲਾਸਾਹਿਬ ਥੋਰਾਟ ਨੇ ਵੀ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਸ਼ਿਵ ਸੈਨਾ ਕੋਈ ਪੇਸ਼ਕਸ਼ ਲੈ ਕੇ ਆਉਂਦੀ ਹੈ ਤਾਂ ਸੂਬਾ ਕਾਂਗਰਸ ਹਾਈਕਮਾਨ ਤੋਂ ਸਲਾਹ ਮੰਗੇਗੀ।