ਲਿਬਰੇਸ਼ਨ ਵਲੋਂ ਬਠਿੰਡਾ, ਸੰਗਰੂਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹਲਕਾ ਬਠਿੰਡਾ ਤੋਂ ਕਾ. ਸਮਾਉਂ ਹੋਣਗੇ ਉਮੀਦਵਾਰ

Liberation party

ਮਾਨਸਾ : ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਅੱਜ ਇੱਥੇ 'ਬਦਲੋ ਨੀਤੀਆਂ ਬਦਲੋ ਰਾਜ' ਦੇ ਬੈਨਰ ਹੇਠ ਇਕ ਇਨਕਲਾਬੀ ਰੈਲੀ ਕੀਤੀ ਗਈ ਅਤੇ ਲਾਲ ਹਰੇ ਝੰਡੇ ਨਾਲ ਇਕ ਜੋਸ਼ੀਲਾ ਮਾਰਚ  ਕਢਿਆ ਗਿਆ।  ਲਿਬਰੇਸ਼ਨ ਵਲੋਂ ਜਿਥੇ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਬਠਿੰਡਾ ਤੋਂ ਕਾ. ਭਗਵੰਤ ਸਿੰਘ ਸਮਾਉਂ, ਸੰਗਰੂਰ ਤੋਂ ਕਾਮਰੇਡ ਗੁਰਨਾਮ ਸਿੰਘ ਭੀਖੀ ਅਤੇ ਗੁਰਦਾਸਪੁਰ ਤੋਂ ਕਾ. ਅਸ਼ਵਨੀ ਕੁਮਾਰ ਹੈਪੀ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ,  ਉਥੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਫ਼ਿਰੋਜ਼ਪੁਰ ਤੋਂ ਕਾ. ਹੰਸ ਰਾਜ ਗੋਲਡਨ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾ. ਰਘੂਨਾਥ ਸਿੰਘ ਨੂੰ ਪਾਰਟੀ ਵਲੋਂ ਹਮਾਇਤ ਦੇਣ ਦਾ ਐਲਾਨ ਵੀ ਕੀਤਾ ਗਿਆ।

ਅਪਣੇ ਸੰਬੋਧਨ ਵਿੱਚ ਕਾਮਰੇਡ ਰਾਣਾ ਨੇ ਕਿਹਾ ਕਿ ਬੇਰੋਜ਼ਗਾਰੀ ਬਿਨਾਂ ਸ਼ੱਕ ਅੱਜ ਪੰਜਾਬ ਵਿਚ ਸੱਭ ਤੋਂ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਦੇ ਹੱਲ ਲਈ ਜਿਥੇ ਪਾਰਟੀ ਮਨਰੇਗਾ ਦੀ ਤਰਜ਼ 'ਤੇ ਇਕ ਨਵਾਂ ਰੁਜ਼ਗਾਰ ਗਾਰੰਟੀ ਕਾਨੂੰਨ ਬਨਾਉਣ ਲਈ ਦੇਸ਼ ਭਰ ਵਿਚ ਅੰਦੋਲਨ ਚਲਾ ਰਹੀ ਹੈ, ਉਸ ਦੇ ਨਾਲ ਹੀ ਲਿਬਰੇਸ਼ਨ ਦੀ ਸਮਝ ਹੈ ਕਿ ਅਗਰ ਪਾਕਿਸਤਾਨ ਨਾਲ ਹਥਿਆਰਾਂ ਦੀ ਦੌੜ ਅਤੇ ਜੰਗੀ ਹੋਕਰਿਆਂ ਦੀ ਨੀਤੀ ਰੱਦ ਕਰ ਕੇ ਆਮ ਵਰਗੇ ਸਬੰਧ ਬਹਾਲ ਕੀਤੇ ਜਾਣ ਅਤੇ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਜ਼ਰੀਏ ਸੜਕ ਰਸਤੇ ਵਪਾਰ ਦੀ ਖੁਲ੍ਹ ਦਿਤੀ ਜਾਵੇ ਤਾਂ ਸਾਡੇ ਪੰਜਾਬ ਦੀ ਖੇਤੀ, ਸਨਅੱਤ ਅਤੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਵੰਨ ਸੁਵੰੰਨੇ ਰੁਜ਼ਗਾਰ ਦੇ ਲੱਖਾਂ ਨਵੇਂ ਮੌਕੇ ਪੈਦਾ ਹੋਣਗੇ। ਰੈਲੀ ਤੋਂ ਬਾਅਦ ਕੱਢਿਆ ਗਿਆ ਵਿਸ਼ਾਲ ਜੋਸ਼ੀਲਾ ਵਿਖਾਵਾ ਸ਼ਹਿਰ ਦੇ ਸਾਰੇ ਬਜ਼ਾਰਾਂ ਵਿਚੋਂ ਗੁਜ਼ਰਦਾ ਹੋਇਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ ਪਹੁੰਚ ਕੇ ਸਮਾਪਤ ਹੋਇਆ।