ਆਰਥਕ ਮੰਦੀ : ਸ਼ਿਵ ਸੈਨਾ ਨੇ ਸਰਕਾਰ ਨੂੰ ਪੁਛਿਆ- 'ਇਤਨਾ ਸੰਨਾਟਾ ਕਿਉਂ ਹੈ ਭਾਈ'

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ-ਨੋਟਬੰਦੀ ਅਤੇ ਜੀਐਸਟੀ ਕਾਰਨ ਦੀਵਾਲੀ ਦੀਆਂ ਰੌਣਕਾਂ ਗ਼ਾਇਬ ਰਹੀਆਂ

Uddhav Thackeray

ਮੁੰਬਈ : 'ਸ਼ੋਲੇ' ਫ਼ਿਲਮ ਵਿਚ ਰਹੀਮ ਚਾਚਾ ਦੇ ਡਾਇਲਾਗ 'ਇਤਨਾ ਸੰਨਾਟਾ ਕਿਉਂ ਹੈ ਭਾਈ' ਦਾ ਜ਼ਿਕਰ ਕਰਦਿਆਂ ਮਹਾਰਾਸ਼ਟਰ ਵਿਚ ਭਾਜਪਾ ਦੀ ਗਠਜੋੜ ਭਾਈਵਾਲ ਸ਼ਿਵ ਸੈਨਾ ਨੇ ਦੇਸ਼ ਵਿਚ ਆਰਥਕ ਮੰਦੀ ਸਬੰਧੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਡਾਇਲਾਗ ਜ਼ਰੀਏ ਪਾਰਟੀ ਨੇ ਦੇਸ਼ ਅਤੇ ਮਹਾਰਾਸ਼ਟਰ ਵਿਚ ਛਾਈ ਆਰਥਕ ਮੰਦੀ ਲਈ ਮੋਦੀ ਸਰਕਾਰ ਨੂੰ ਘੇਰਿਆ। 'ਸ਼ੋਲੇ' ਫ਼ਿਲਮ ਵਿਚ ਇਹ ਡਾਇਲਾਗ ਰਹੀਮ ਚਾਚਾ ਦਾ ਹੈ ਜਦ ਗੱਬਰ ਸਿੰਘ ਬਾਹਰ ਨੌਕਰੀ ਲਈ ਜਾ ਰਹੇ ਉਸ ਦੇ ਬੇਟੇ ਦੀ ਹਤਿਆ ਕਰ ਕੇ ਉਸ ਦੀ ਲਾਸ਼ ਘੋੜੇ 'ਤੇ ਰੱਖ ਕੇ ਪਿੰਡ ਵਿਚ ਭੇਜਦਾ ਹੈ। ਉਸ ਦੌਰਾਨ ਪਿੰਡ ਵਾਲੇ ਇਕਦਮ ਚੁੱਪ ਹੁੰਦੇ ਹਨ ਅਤੇ ਰਹੀਮ ਚਾਚਾ ਸਵਾਲ ਕਰਦੇ ਹਨ, 'ਇਤਨਾ ਸੰਨਾਟਾ ਕਿਉਂ ਹੈ ਭਾਈ।'

ਸ਼ਿਵ ਸੈਨਾ ਨੇ ਕਿਹਾ ਕਿ ਤਿਉਹਾਰਾਂ ਵਿਚ ਗ਼ਾਇਬ ਰੌਣਕ ਲਈ ਸਰਕਾਰ ਦੀ ਨੋਟਬੰਦੀ ਅਤੇ ਗ਼ਲਤ ਤਰੀਕੇ ਨਾਲ ਲਾਗੂ ਕੀਤਾ ਗਿਆ ਜੀਐਸਟੀ ਜ਼ਿੰਮੇਵਾਰ ਹੈ। ਪਾਰਟੀ ਨੇ ਲਿਖਿਆ, 'ਸੁਸਤੀ ਦੇ ਡਰ ਕਾਰਨ ਬਾਜ਼ਾਰਾਂ ਦੀ ਰੌਣਕ ਚਲੀ ਗਈ ਹੈ ਅਤੇ ਵਿਕਰੀ 30 ਤੋਂ 40 ਫ਼ੀ ਸਦੀ ਘੱਟ ਗਈ ਹੈ। ਉਦਯੋਗਾਂ ਦੀ ਹਾਲਤ ਖ਼ਰਾਬ ਹੈ ਅਤੇ ਨਿਰਮਾਣ ਇਕਾਈਆਂ ਬੰਦ ਹੋ ਰਹੀਆਂ ਹਨ ਜਿਸ ਕਾਰਨ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ।' ਪਾਰਟੀ ਮੁਤਾਬਕ ਬੈਂਕਾਂ ਦੀ ਹਾਲਤ ਖ਼ਰਾਬ ਹੈ ਜਿਹੜੇ ਵਿੱਤੀ ਸੰਕਟ ਨਾਲ ਜੂਝ ਰਹੇ ਹਨ। ਲੋਕਾਂ ਕੋਲ ਪੈਸੇ ਖ਼ਰਚ ਕਰਨ ਲਈ ਪੈਸਾ ਨਹੀਂ।

ਸਾਮਨਾ ਵਿਚ ਲਿਖਿਆ ਹੈ, 'ਦੂਜੇ ਪਾਸੇ ਸਰਕਾਰ ਵੀ ਭਾਰਤੀ ਰਿਜ਼ਰਵ ਬੈਂਕ ਕੋਲੋਂ ਧਨ ਲੈਣ ਲਈ ਮਜਬੂਰ ਹੋਈ ਹੈ। ਦੀਵਾਲੀ ਮੌਕੇ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਸੀ ਪਰ ਵਿਦੇਸ਼ੀ ਕੰਪਨੀਆਂ ਆਨਲਾਈਨ ਸ਼ਾਪਿੰਗ ਜ਼ਰੀਏ ਦੇਸ਼ ਦੇ ਪੈਸੇ ਨਾਲ ਅਪਣਾ ਤਿਜੋਰੀਆਂ ਭਰ ਰਹੀਆਂ ਹਨ। ਸੰਪਾਦਕੀ ਵਿਚ ਲਿਖਿਆ ਹੈ ਕਿ ਬੇਵਕਤ ਪਏ ਮੀਂਹ ਕਾਰਨ ਕਿਸਾਨਾਂ ਦੀ ਤਿਆਰ ਫ਼ਸਲ ਖ਼ਰਾਬ ਹੋ ਗਈ ਜਿਸ ਕਾਰਨ ਮਾਲੀ ਹਾਲਤ ਖ਼ਰਾਬ ਹੈ ਪਰ ਕਿਸਾਨਾਂ ਦੀ ਬਾਂਹ ਫੜਨ ਲਈ ਕੋਈ ਵੀ ਤਿਆਰ ਨਹੀਂ। ਸੰਪਾਦਕੀ ਵਿਚ ਲਿਖਿਆ ਹੈ ਕਿ ਦੀਵਾਲੀ ਤੋਂ ਐਨ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਰੌਲਾ ਘੱਟ ਅਤੇ ਸੰਨਾਟਾ ਜ਼ਿਆਦਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।