30 ਅਕਤੂਬਰ: ਮੁਲਾਇਮ ਨੇ ਬਾਬਰੀ ਤਾਂ ਬਚਾ ਲਈ ਪਰ ਯੂਪੀ ਦੀ ਸਿਆਸਤ ਹਮੇਸ਼ਾਂ ਲਈ ਬਦਲ ਗਈ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ‘ਤੇ ਇਹਨੀਂ ਦਿਨੀਂ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਸਾਰੇ ਇਸ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

Mulayam Singh Yadav

ਉੱਤਰ ਪ੍ਰਦੇਸ਼: ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ‘ਤੇ ਇਹਨੀਂ ਦਿਨੀਂ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਸਾਰੇ ਇਸ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। 29 ਸਾਲ ਪਹਿਲਾਂ ਅੱਜ ਹੀ ਦੇ ਦਿਨ ਜਦੋਂ ਕਾਰ ਸੇਵਕ ਬਾਬਰੀ ਮਸਜਿਦ ਵੱਲ ਵਧ ਰਹੇ ਸੀ ਤਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਸਖ਼ਤ ਫੈਸਲੇ ਲੈਂਦੇ ਹੋਏ ਕਾਰਸੇਵਕਾਂ ‘ਤੇ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਸੀ। ਇਸ ਵਿਚ ਪੰਜ ਕਾਰ ਸੇਵਕਾਂ ਦੀ ਮੌਤ ਹੋ ਗਈ ਸੀ।

ਮੁਲਾਇਮ ਸਿੰਘ ਦੇ ਇਸ ਕਦਮ ਨਾਲ ਉਸ ਸਮੇਂ ਬਾਬਰੀ ਮਸਜਿਦ ਤਾਂ ਬਚ ਗਈ ਪਰ ਭਾਰਤੀ ਸਿਆਸਤ ਦੀ ਦਸ਼ਾ ਅਤੇ ਦਿਸ਼ਾ ਹਮੇਸ਼ਾਂ ਲਈ ਬਦਲ ਗਈ। ਭਾਜਪਾ ਨੂੰ ਇੱਥੋਂ ਸਿਆਸਤ ਦੀ ਸੰਜੀਵਨੀ ਮਿਲੀ, ਜਦਕਿ ਮੁਲਾਇਮ ਸਿੰਘ ਯਾਦਵ ਦੀ ਪਛਾਣ ਹਿੰਦੂ ਵਿਰੋਧੀ ਬਣ ਗਈ। ਹਿੰਦੂਵਾਦੀ ਸੰਗਠਨਾਂ ਨੇ ਉਹਨਾਂ ਨੂੰ ‘ਮੁੱਲ੍ਹਾ ਮੁਲਾਇਮ ਦੇ ਨਾਂਅ ਨਾਲ ਨਵਾਜਿਆ। ਇਹ ਹਿੰਦੂ ਵਿਰੋਧੀ ਪਛਾਣ ਹੁਣ ਤੱਕ ਮੁਲਾਇਮ ਸਿੰਘ ਅਤੇ ਉਹਨਾਂ ਦੀ ਸਮਾਜਵਾਦੀ ਪਾਰਟੀ ਤੋਂ ਪੂਰੀ ਤਰ੍ਹਾਂ ਹਟੀ ਨਹੀਂ ਹੈ।ਦੱਸ ਦਈਏ ਕਿ 90ਦੇਂ ਦਹਾਕੇ ਵਿਚ ਅਯੁੱਧਿਆ ਲਹਿਰ ਪੂਰੇ ਸਿਖਰ ‘ਤੇ ਸੀ ਅਤੇ ਉੱਤਰ ਪ੍ਰਦੇਸ਼ ਦੀ ਸੱਤਾ ਦੀ ਕਮਾਨ ਮੁਲਾਇਮ ਸਿੰਘ ਯਾਦਵ ਦੇ ਹੱਥ ਵਿਚ ਸੀ।

ਮੁਲਾਇਮ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਦੇ ਮੁੱਖ ਮੰਤਰੀ ਰਹਿੰਦੇ ਹੋਏ ਬਾਬਰੀ ਮਸਜਿਦ ‘ਤੇ ਕੋਈ ਪਰਿੰਦਾ ਪਰ ਵੀ ਨਹੀਂ ਮਾਰ ਸਕਦਾ। ਅਕਤੂਬਰ 1990 ਵਿਚ ਹਿੰਦੂ ਸਾਧੂ-ਸੰਤ ਕਾਰ ਸੇਵਾ ਲਈ ਅਯੁੱਧਿਆ ਕੂਚ ਕਰ ਰਹੇ ਸਨ। 30 ਅਕਤੂਬਰ 1990 ਨੂੰ ਕਾਰ ਸੇਵਕਾਂ ਦੀ ਭੀੜ ਬੇਕਾਬੂ ਹੋ ਗਈ ਕਾਰ ਸੇਵਕ ਪੁਲਿਸ ਬੈਰੀਕੇਡਿੰਗ ਤੋੜ ਮਸਜਿਦ ਵੱਲ ਵਧ ਰਹੇ ਸੀ। ਮੁਲਾਇਮ ਸਿੰਘ ਯਾਦਵ ਨੇ ਸਖ਼ਤ ਫੈਸਲਾ ਲੈਂਦੇ ਹੋਏ ਪ੍ਰਸ਼ਾਸਨ ਨੂੰ ਗੋਲੀ ਚਲਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਕਿਸੇ ਨੂੰ ਵੀ ਮਸਜਿਦ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ। ਅਜਿਹੇ ਵਿਚ ਇਕ ਵਾਰ ਫਿਰ 2 ਨਵੰਬਰ 1990 ਨੂੰ ਹਜ਼ਾਰਾਂ ਕਾਰ ਸੇਵਕ ਹਨੁਮਾਨ ਗਲੀ ਦੇ ਕਰੀਬ ਪਹੁੰਚ ਗਏ, ਪੁਲਿਸ ਨੂੰ ਇਕ ਵਾਰ ਗੋਲੀ ਚਲਾਉਣੀ ਪਈ, ਜਿਸ ਵਿਚ ਕਰੀਬ ਇਕ ਦਰਜਨ ਕਾਰ ਸੇਵਕਾਂ ਦੀ ਮੌਤ ਹੋ ਗਈ।

ਗੋਲੀਕਾਂਡ ਤੋਂ 23 ਸਾਲ ਬਾਅਦ ਜੁਲਾਈ 2013 ਵਿਚ ਮੁਲਾਇਮ ਸਿੰਘ ਯਾਦਵ ਨੇ ਕਿਹਾ ਸੀ ਕਿ ਉਸ ਸਮੇਂ ਉਹਨਾਂ ਦੇ ਸਾਹਮਣੇ ਮੰਦਰ-ਮਸਜਿਦ ਅਤੇ ਦੇਸ਼ ਦੀ ਏਕਤਾ ਦਾ ਸਵਾਲ ਸੀ। 1991 ਵਿਚ ਲੋਕ ਸਭਾ ਚੋਣਾਂ ਹੋਈਆਂ ਤਾਂ ਭਾਜਪਾ 85 ਤੋਂ ਵਧ ਕੇ 120 ਸੀਟਾਂ ‘ਤੇ ਪਹੁੰਚ ਗਈ। ਇੰਨਾ ਹੀ ਨਹੀਂ 1991 ਵਿਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਮੁਲਾਇਮ ਬੁਰੀ ਤਰ੍ਹਾਂ ਹਾਰ ਗਏ ਅਤੇ ਭਾਜਪਾ ਬਹੁਮਤ ਦੇ ਨਾਲ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਕਲਿਆਣ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। 1992 ਵਿਚ ਕਾਰ ਸੇਵਕ ਇਕ ਵਾਰ ਫਿਰ ਅਯੁੱਧਿਆ ਵਿਚ ਇਕੱਠੇ ਹੋਣ ਲੱਗੇ ਅਤੇ 6 ਦਸੰਬਰ 1992  ਵਿਚ ਕਾਰ ਸੇਵਕਾਂ ਨੇ ਬਾਬਰੀ ਮਸਜਿਦ ਢਾਹ ਦਿੱਤੀ।

ਕਲਿਆਣ ਸਿੰਘ ਨੇ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ 6 ਦਸੰਬਰ 1992 ਨੂੰ ਹੀ ਮੁੱਖ ਮੰਤਰੀ ਦਾ ਅਹੁਦਾ ਤਿਆਗ ਦਿੱਤਾ। ਦੂਜੇ ਦਿਨ ਕੇਂਦਰ ਸਰਕਾਰ ਨੇ ਯੂਪੀ ਦੀ ਭਾਜਪਾ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ। ਕਲਿਆਣ ਸਿੰਘ ਨੇ ਇਸ ਸਮੇਂ ਕਿਹਾ ਸੀ ਕਿ ਇਹ ਸਰਕਾਰ ਰਾਮ ਮੰਦਰ ਦੇ ਨਾਂਅ ‘ਤੇ ਬਣੀ ਸੀ ਅਤੇ ਉਸ ਦਾ ਮਕਸਦ ਪੂਰਾ ਹੋਇਆ। ਅਜਿਹੇ ਵਿਚ ਸਰਕਾਰ ਰਾਮ ਮੰਦਰ ਦੇ ਨਾਂਅ ‘ਤੇ ਕੁਰਬਾਨ। ਯੂਪੀ ਦੀ ਕਲਿਆਣ ਸਰਕਾਰ ਚਾਹੇ ਬਰਖਾਸਤ ਹੋ ਗਈ ਹੋਵੇ ਪਰ ਭਾਜਪਾ ਦੀ ਸਿਆਸਤ ਨੂੰ ਦੇਸ਼ ਭਰ ਵਿਚ ਸੰਜੀਵਨੀ ਦੇ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।