ਨਵੇਂ ਸਾਲ ‘ਚ ਨਵਜੋਤ ਸਿੱਧੂ ਸਿਆਸਤ ‘ਚ ਕਰਨਗੇ ਧਮਾਕੇਦਾਰ ਵਾਪਸੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਮੀ ਖ਼ਾਮੋਸ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਘਰੋਂ ਬਾਹਰ ਨਿਕਲੇ ਤੇ ਲੋਕਾਂ ਨੂੰ ਮਿਲੇ।

Navjot Singh Sidhu

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ)- ਚਰਚਿਤ ਸ਼ਖ਼ਸੀਅਤ ਨਜਵੋਤ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ ਨੇ ਕਹਿਰ ਦੀ ਸਰਦੀ ‘ਚ ਇਸ ਸਾਲ ਦੇ ਆਖਰੀ ਇਕ ਦਿਨ ਅਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਠੰਡੀ ਸਿਆਸਤ ਨੂੰ ਗਰਮ ਕਰ ਦਿੱਤਾ ਹੈ। ਉਹਨਾਂ ਨੇ ਅਪਣੇ ਹਲਕੇ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਗਲੀਆਂ ਬਜ਼ਾਰਾਂ ਵਿਚ ਹਰ ਵਿਅਕਤੀ ਨਾਲ ਹੱਥ ਮਿਲਾਇਆ, ਉਹਨਾਂ ਨੇ ਪਰਿਵਾਰਾਂ ਦੀ ਸੁਖ ਸਾਂਦ ਪੁੱਛੀ। ਗਰਮ-ਗਰਮ ਪਕੌੜੇ ਛਕੇ।

ਸਿੱਧੂ ਦੀ ਇਸ ਹਲ-ਚਲ ਨਾਲ ਉਹਨਾਂ ਦੇ ਵਿਰੋਧੀਆਂ ਦੇ ਸਾਹ ਫੁਲ ਗਏ। ਉਹ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਮਾਗਮ ਲਈ ਪਾਕਿਸਤਾਨ ਜਾਣ ਬਾਅਦ ਪਹਿਲਾਂ ਵਾਂਗ ਅਪਣੀ ਕੋਠੀ ਬੈਠ ਕੇ ਪੰਜਾਬ ਭਰ ਦੇ ਕੀਰੀਬੀ ਸਿਆਸੀ ਦੋਸਤਾਂ, ਮੰਤਰੀਆਂ, ਮੌਜੂਦਾ ਤੇ ਸਾਬਕਾ ਵਿਧਾਇਕਾਂ, ਕਾਂਗਰਸੀਆਂ ਨੂੰ ਮਿਲਦੇ ਹਨ। ਉਹਨਾਂ ਦੀਆਂ ਵੱਖ-ਵੱਖ ਚਰਚਾਵਾਂ ਚਲਦੀਆਂ ਹਨ ਕਿ ਉਹ ਉਪ-ਮੁੱਖ ਮੰਤਰੀ ਬਣ ਰਹੇ ਹਨ, ਕਾਂਗਰਸ ਹਾਈਕਮਾਂਡ ਸਿੱਧੂ ਨੂੰ ਅਹਿਮ ਅਹੁਦਾ ਦੇ ਰਹੀ ਹੈ।

ਉਹਨਾਂ ਦੀ ਖਾਮੋਸ਼ੀ ਦਸ ਰਹੀ ਹੈ ਕਿ ਉਹ ਏਨਾ ਲੰਬਾ ਸਮਾਂ ਖਾਮੋਸ਼ ਰਹਿਣ ਵਾਲੇ ਨਹੀਂ ਪਰ ਮੰਤਰੀ ਅਹੁਦਾ ਤਿਆਗਣ ਤੋਂ ਬਾਅਦ ਸਿੱਧੂ ਨੇ ਦੜ ਹੀ ਵਟ ਲਈ ਹੈ, ਜਿਸ ਪਿੱਛੇ ਗੁਝਾ ਰਾਜ ਹੈ ਜੋ ਉਹਨਾਂ ਹੁਣ ਤੱਕ ਕਿਸੇ ਨਾਲ ਸਾਂਝਾ ਨਹੀਂ ਕੀਤਾ। ਕੈਪਟਨ ਵਜ਼ਾਰਤ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਅਤੇ ਸਥਾਨਕ ਮੀਡੀਆ ਨਾਲ ਦੂਰੀ ਬਣਾਈ ਹੋਈ ਹੈ।

ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਕੋਠੀ ‘ਚੋਂ ਬਾਹਰ ਹਲਕੇ ਵਿਚ ਜਾ ਕੇ ਲੋਕਾਂ ਨੂੰ ਮਿਲਣ ਦਾ ਪ੍ਰਭਾਵ ਇਹ ਮੰਨਿਆ ਜਾ ਰਿਹਾ ਹੈ ਕਿ ਉਹ 2020 ਵਿਚ ਮੁੜ ਸਰਗਰਮ ਹੋ ਸਕਦੇ ਹਨ। ਸਿਆਸੀ ਮਾਹਿਰਾਂ ਮੁਤਾਬਕ ਨਵੇਂ ਸਾਲ ਵਿਚ ਸਿੱਧੂ ਬੜੇ ਸੁਚੱਜੇ ਢੰਗ ਨਾਲ ਵਾਪਸੀ ਕਰਨਗੇ। ਉਹਨਾਂ ਦਾ ਬਨਵਾਸ ਖਤਮ ਹੋਣ ਜਾ ਰਿਹਾ ਹੈ।