ਹੈਪੀ ਪੀ.ਐਚ.ਡੀ.ਦਾ ਕਤਲ ਸਿੱਖਾਂ ਲਈ ਚੁਨੌਤੀ : ਜਥੇਦਾਰ ਹਵਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਭਾਈ ਹਰਮੀਤ

File photo

ਅੰਮ੍ਰਿਤਸਰ(ਸੁਖਵਿੰਦਰਜੀਤ ਸਿੰਘ ਬਹੋੜੂ): ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਭਾਈ ਹਰਮੀਤ ਸਿੰਘ ਹੈਪੀ ਪੀ.ਐੱਚ.ਡੀ .ਦੇ ਅਕਾਲ ਚਲਾਣੇ ਦੀਆਂ ਖ਼ਬਰਾਂ ਨੂੰ ਸਿੱਖ ਪੰਥ ਲਈ ਚੁਨੌਤੀ ਦਸਦੇ ਹੋਏ ਇਸ ਕਤਲ ਦੀ ਨਿਖੇਧੀ ਕੀਤੀ ਹੈ।

ਜਥੇਦਾਰ ਹਵਾਰਾ ਨੇ ਕਿਹਾ ਹੈ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਭਾਰਤ ਅੰਦਰ ਅਪਣੀ ਹੋਂਦ ਅਤੇ ਹਸਤੀ ਨੂੰ ਬਚਾਉਣ ਲਈ ਜਦੋ ਜਹਿਦ ਕਰ ਰਹੀ ਹੈ ਅਤੇ ਅਪਣੀ ਕੌਮੀ ਆਜ਼ਾਦੀ ਲਈ ਕਈ ਫ਼ਰੰਟਾਂ 'ਤੇ ਲੜਾਈ ਲੜ ਰਹੀ ਹੈ। ਇਹ ਕੌਮੀ ਆਜ਼ਾਦੀ ਦਾ ਸੰਘਰਸ਼ ਹੈ ਜਿਸ ਵਿਚ ਜਿੰਨੇ ਵੀ ਗੁਰਸਿੱਖ ਵੀਰ ਭੈਣ ਹਿੱਸਾ ਪਾ ਰਹੇ ਹਨ ਉਹ ਦਸਮੇਸ਼ ਪਿਤਾ ਦੇ ਲਾਡਲੇ ਹਨ ਤੇ ਉਨ੍ਹਾਂ ਦੀ ਆਪੋ ਵਿਚ ਭਰਾਤਰੀ ਭਾਵ ਵਾਲੀ ਸਾਂਝ ਹੈ।

ਜਥੇਦਾਰ ਹਵਾਰਾ ਨੇ ਕਿਹਾ ਕਿ ਭਾਈ ਹਰਮੀਤ ਸਿੰਘ ਦਾ ਫਾਨੀ ਸੰਸਾਰ ਤੋਂ ਜਾਣ ਦੇ ਬਾਅਦ ਭਾਰਤੀ ਮੀਡੀਆ ਅਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਜਿੰਨੀਆਂ ਖ਼ੁਸ਼ੀਆਂ ਮਨਾਈਆਂ ਹਨ ਇਸ  ਤੋਂ ਭਾਰਤ ਦੀ ਸਿੱਖਾਂ ਪ੍ਰਤੀ ਨਫ਼ਰਤ ਸਾਹਮਣੇ ਆ ਗਈ ਹੈ। ਇਹ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਿਚ ਇਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। ਸਿੱਖਾਂ ਨੂੰ ਭਾਈ ਹਰਮੀਤ ਸਿੰਘ ਦੇ ਅਕਾਲ ਚਲਾਣੇ ਨੂੰ ਚੁਨੌਤੀ ਵਜੋਂ ਲੈਣਾ ਚਾਹੀਦਾ ਹੈ

ਅਤੇ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਭਾਈ ਹਵਾਰਾ ਨੇ ਕਿਹਾ ਕਿ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਵਿਛੜੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਭਾਈ ਸਾਹਿਬ ਦੀ ਆਤਮਾ ਨੂੰ ਅਪਣੇ ਚਰਨਾਂ ਵਿਚ ਅਭੇਦ ਕਰ ਲੈਣ ਅਤੇ ਸਾਡੇ ਵਿਚ ਪੰਥਕ ਇਤਫਾਕ ਬਖ਼ਸ਼ਣ।