ਅਪਾਹਜ ਤੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ 10 ਸਾਲ ਦੀ ਕੈਦ
ਪੰਜਾਬ ਸਰਕਾਰ ਨੂੰ ਪੀੜਤ ਬੱਚੀ ਨੂੰ 15 ਦਿਨਾਂ ਅੰਦਰ 8 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਮਾਨਸਾ ਅਦਾਲਤ ਨੇ 1 ਲੱਖ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ
ਮਾਨਸਾ: ਅਪਾਹਜ ਤੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਮਾਨਸਾ ਅਦਾਲਤ ਨੇ 10 ਸਾਲ ਦੀ ਕੈਦ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 1 ਲੱਖ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਪੀੜਤ ਲੜਕੀ ਦੀ ਉਮਰ ਘਟਨਾ ਵੇਲੇ ਕਰੀਬ 16 ਸਾਲ ਦੱਸੀ ਜਾ ਰਹੀ ਹੈ।ਮਾਮਲਾ 17 ਅਕਤੂਬਰ 2019 ਦਾ ਹੈ। ਜਦੋਂ ਪੀੜਤ ਲੜਕੀ ਆਪਣੇ ਗੁਆਂਢ ਵਿਚ ਖੇਡ ਰਹੀ ਸੀ ਤਾਂ ਦੋਸ਼ੀ ਕਰਮਜੀਤ ਸਿੰਘ ਕਾਲਾ ਬੱਚੀ ਨੂੰ ਖਾਣ ਵਾਲੀ ਚੀਜ਼ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ: ਪੰਜਾਬ ਸਣੇ ਇਹ ਸੂਬਿਆਂ ਵਿਚ ਫਿਰ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਕਰਮਜੀਤ ਸਿੰਘ ਬੱਚੀ ਨੂੰ ਖੇਤਾਂ ਵਿਚ ਲੈ ਗਿਆ ਅਤੇ ਉਸ ਨੇ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਨੇੜੇ ਮੌਜੂਦ ਲੋਕ ਇਕੱਠੇ ਹੋ ਗਏ। ਇਸ ਮਗਰੋਂ ਦੋਸ਼ੀ ਬੱਚੀ ਨੂੰ ਲੈ ਕੇ ਬੱਸ ਸਟੈਂਡ ’ਤੇ ਚਲਾ ਗਿਆ। ਜਦੋਂ ਬੱਚੀ ਦੇ ਮਾਪੇ ਉੱਥੇ ਪਹੁੰਚੇ ਤਾਂ ਉਹ ਬੱਚੀ ਨੂੰ ਛੱਡ ਕੇ ਫਰਾਰ ਹੋ ਗਿਆ। ਬੱਚੀ 65% ਅਪਾਹਜ ਸੀ, ਉਸ ਨੇ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਦੋਵੇਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ: ਕਾਂਝਵਾਲਾ ਕੇਸ: ਦਿੱਲੀ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖਲ
ਵਧੀਕ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਦੋਸ਼ੀ ਨੂੰ ਧਾਰਾ 363 ਤਹਿਤ 7 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਧਾਰਾ 506 ਆਈਪੀਸੀ ਤਹਿਤ 4 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ। ਪੋਕਸੋ ਐਕਟ ਤਹਿਤ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨੇ ਦੀ ਕੁੱਲ ਰਕਮ 1 ਲੱਖ 10 ਹਜ਼ਾਰ ਵਿਚੋਂ ਦੋਸ਼ੀ 50,000 ਰੁਪਏ ਪੀੜਤ ਲੜਕੀ ਨੂੰ ਦੇਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਪੀੜਤ ਬੱਚੀ ਨੂੰ 15 ਦਿਨਾਂ ਅੰਦਰ 8 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ।