ਪੰਜਾਬ ਦੇ ਇਸ ਪਿੰਡ ਦੇ ਨਿਰਾਸ਼ ਲੋਕ ਕਰ ਰਹੇ ਨੇ ਪਾਕਿਸਤਾਨ ਜਾਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਇਕ ਵਾਰ ਫਿਰ ਚਰਚਾ ਵਿਚ ਹੈ।

Gurdaspur Bridge

ਗੁਰਦਾਸਪੁਰ: ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਇਕ ਵਾਰ ਫਿਰ ਚਰਚਾ ਵਿਚ ਹੈ ਕਿਉਂਕਿ ਇਸ ਵਾਰ ਗੁਰਦਾਸਪੁਰ ਲੋਕ ਸਭਾ ਸੀਟ ਤੋਂ  ਭਾਜਪਾ ਨੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਟਿਕਟ ਦਿੱਤੀ ਹੈ। ਇਸ ਸੀਟ ‘ਤੇ ਭਾਜਪਾ ਨੇਤਾ ਵਿਨੋਦ ਖੰਨਾ ਚਾਰ ਵਾਰ ਸਾਂਸਦ ਰਹਿ ਚੁਕੇ ਹਨ। ਕਾਂਗਰਸ ਨੇ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨਿਆ ਹੈ।

ਦਰਅਸਲ ਇਸ ਹਲਕੇ ਵਿਚ ਆਉਣ ਵਾਲੇ 9 ਪਿੰਡਾਂ ਦੇ ਲੋਕ ਬਦਹਾਲੀ ਨਾਲ ਜੂਝ ਰਹੇ ਹਨ। ਇਹਨਾਂ ਪਿੰਡਾਂ ਦੇ ਹਾਲਾਤ ਅਜਿਹੇ ਹਨ ਕਿ ਬਰਸਾਤ ਦੇ ਦਿਨਾਂ ਵਿਚ ਇਹ ਪਿੰਡ ਪੂਰੇ ਦੇਸ਼ ਨਾਲੋਂ ਟੁੱਟ ਜਾਂਦੇ ਹਨ ਜਿਨ੍ਹਾਂ ਨੂੰ ਜੋੜਨ ਲਈ ਇਕ ਪੁਲ ਤਕ ਵੀ ਨਹੀਂ ਹੈ। ਅਜਿਹੇ ਵਿਚ ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਲਈ ਪੁਲ ਬਣਾਇਆ ਜਾਵੇ ਨਹੀਂ ਤਾਂ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ।

ਦੱਸ ਦਈਏ ਕਿ ਇਹਨਾਂ ਪਿੰਡਾਂ ਵਿਚ ਬੇਰੁਜ਼ਗਾਰੀ, ਖ਼ਰਾਬ ਸੜਕਾਂ, ਸਿਹਤ ਸੁਵਿਧਾਵਾਂ ਆਦਿ ਦੀ ਬਹੁਤ ਸਮੱਸਿਆ ਹੈ। ਮਕੌਰਾ ਪਾਟਨ ਪਿੰਡ ਰਾਵੀ ਅਤੇ ਉਝ ਨਦੀ ਦੇ ਕੰਢੇ ‘ਤੇ ਸਥਿਤ ਹੈ ਇਸ ਤੋਂ ਇਲਾਵਾ ਆਸ ਪਾਸ ਦੇ 9 ਪਿੰਡ ਹੋਰ ਵੀ ਹਨ ਜੋ ਬਰਸਾਤ ਦੌਰਾਨ ਕਈ ਮਹੀਨਿਆਂ ਤੱਕ ਪੂਰੇ ਦੇਸ਼ ਨਾਲੋਂ ਅਲਗ ਹੋ ਜਾਂਦੇ ਹਨ।

ਦੱਸ ਦਈਏ ਕਿ ਇਹਨਾਂ ਨਦੀਆਂ ਦੇ ਦੂਜੇ ਸਿਰੇ ‘ਤੇ ਪਾਕਿਸਤਾਨੀ ਸਰਹੱਦ ਲੱਗਦੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਇਥੇ ਬਣੇ ਪੁਲ ਦੀ ਹਾਲਤ ਤੱਕ ਨਹੀਂ ਦੇਖੀ। ਉਹਨਾਂ ਕਿਹਾ ਕਿ ਸਰਕਾਰ ਨੇ ਅੱਜ ਤੱਕ ਸਾਡੇ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੇ ਲਈ ਪੁਲ ਨਹੀਂ ਬਣਾ ਸਕਦੀ ਤਾਂ ਉਹ ਸਾਨੂੰ ਪਾਕਿਸਤਾਨ ਭੇਜ ਦੇਵੇ।