ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰਾਂ ਦੀ ਸੂਚੀ 'ਚੋਂ ਸਵਰਨ ਸਲਾਰੀਆ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਵਿਤਾ ਖੰਨਾ ਤੇ ਅਕਸ਼ੈ ਖੰਨਾ ਦੇ ਨਾਮ ਮੂਹਰਲੀ ਕਤਾਰ 'ਚ 

Swaran Singh Salaria

ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਤੋਂ ਭਾਜਪਾ ਦਾ ਉਮੀਦਵਾਰ ਤੈਅ ਕਰਨ ਲਈ ਭਾਜਪਾ ਦੀ ਸੂਬਾ ਚੋਣ ਕਮੇਟੀ ਵਲੋਂ ਕੇਂਦਰੀ ਚੋਣ ਕਮੇਟੀ ਨੂੰ ਅੰਤਿਮ ਫ਼ੈਸਲੇ ਲਈ ਭੇਜੀ ਪੰਜ ਨਾਵਾਂ ਦੀ ਸੂਚੀ ਵਿਚ ਮੁੰਬਈ ਦੇ ਕਾਰੋਬਾਰੀ ਸਵਰਨ ਸਲਾਰੀਆ ਦਾ ਨਾਂ ਗ਼ਾਇਬ ਹੈ। ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਪੁੱਤਰ ਅਕਸ਼ੈ ਖੰਨਾ ਦਾ ਨਾਂ ਸੱਭ ਤੋਂ ਉਪਰ ਦਸਿਆ ਜਾ ਰਿਹਾ ਹੈ।

ਸੂਬਾ ਚੋਣ ਕਮੇਟੀ ਵਲੋਂ ਜਿਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ਵਿਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਸੂਬਾ ਉਪ ਪ੍ਰਧਾਨ ਨਰਿੰਦਰ ਪਰਮਾਰ ਅਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਂ ਸ਼ਾਮਲ ਹਨ। ਚੋਣ ਕਮੇਟੀ ਵਲੋਂ ਇਹ ਸੂਚੀ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਪੰਜਾਬ ਇੰਚਾਰਜ ਕੈਪਟਨ ਅਭਿਮੰਨਿਯੂ ਦੀ ਹਾਜ਼ਰੀ ਵਿਚ ਸ਼ਾਰਟ ਲਿਸਟ ਕੀਤੀ ਗਈ ਹੈ।

ਦਸਣਯੋਗ ਹੈ ਕਿ ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰੀ ਚੋਣ ਕਮੇਟੀ ਤੇ ਯੋਗ ਗੁਰੂ ਸਵਾਮੀ ਰਾਮਦੇਵ ਵਲੋਂ ਗੁਰਦਾਸਪੁਰ ਸੀਟ ਲਈ ਸਵਰਨ ਸਲਾਰੀਆ ਦੇ ਨਾਂ ਲਈ ਕਾਫ਼ੀ ਦਬਾਅ ਬਣਾਇਆ ਗਿਆ ਸੀ ਪਰ ਇਹ ਟਿਕਟ ਵਿਨੋਦ ਖੰਨਾ ਦੇ ਖਾਤੇ ਗਈ ਸੀ ਜਿਨ੍ਹਾਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਇਆ ਸੀ। ਸਾਲ 2017 ਵਿਚ ਵਿਨੋਦ ਖੰਨਾ ਦੇ ਦੇਹਾਂਤ ਮਗਰੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਵਲੋਂ ਟਿਕਟ ਲੈਣ ਵਿਚ ਸਵਰਨ ਸਲਾਰੀਆ ਕਾਮਯਾਬ ਰਹੇ ਸਨ ਪਰ ਕਾਂਗਰਸ ਦੇ ਸੁਨੀਲ ਜਾਖੜ ਤੋਂ ਕਰੀਬ 2 ਲੱਖ ਵੋਟਾਂ ਤੋਂ ਹਾਰ ਗਏ ਸਨ।

ਦੂਜੇ ਪਾਸੇ ਭਾਜਪਾ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਆਸ਼ੀਰਵਾਦ ਕਵਿਤਾ ਖੰਨਾ ਦੇ ਨਾਲ ਹੈ। ਚੋਣ ਕਮੇਟੀ ਵਲੋਂ ਮਰਹੂਮ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਦਾ ਨਾਂ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਮਾਸਟਰ ਮੋਹਨ ਲਾਲ ਤੇ ਅਸ਼ਵਨੀ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਧੇਰੇ ਪ੍ਰਭਾਵ ਪਠਾਨਕੋਟ ਤੋਂ ਇਲਾਵਾ ਭੋਆ ਤੇ ਸੁਜਾਨਪੁਰ ਵਿਧਾਨ ਸਭਾ ਹਲਕੇ ਤਕ ਸੀਮਤ ਹੈ। ਪਾਰਟੀ ਦੇ ਦਿੱਲੀ ਤੋਂ ਆਲਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਇਸ ਸਮੇਂ ਗਾਟੀ ਕਵਿਤਾ ਖੰਨਾ ਤੇ ਅਸ਼ਵਨੀ ਸ਼ਰਮਾ (ਪਠਾਨਕੋਟ) ਦਰਮਿਆਨ ਹੀ ਫਸੀ ਹੋਈ ਹੈ ਅਤੇ ਹੁਣ ਸਮਾਂ ਹੀ ਦਸੇਗਾ ਕਿ ਗੁਣਾ ਕਿਸ ਦੇ ਨਾਂ 'ਤੇ ਪੈਂਦਾ ਹੈ।