ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਮਧੀਰ ਵਿਖੇ ਬੀਤੀ ਰਾਤ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ ਜਦਕਿ ਇਸ ਸਬੰਧੀ ਥਾਣਾ ਕੋਟਭਾਈ...

People Protesting

ਗਿੱਦੜਬਾਹਾ/ਦੋਦਾ : ਨਜ਼ਦੀਕੀ ਪਿੰਡ ਮਧੀਰ ਵਿਖੇ ਬੀਤੀ ਰਾਤ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ ਜਦਕਿ ਇਸ ਸਬੰਧੀ ਥਾਣਾ ਕੋਟਭਾਈ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਬਲਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਵਾਸੀ ਪਿੰਡ ਮਧੀਰ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿਤਾ ਗਿਆ ਸੀ। 

ਪਰ ਉਕਤ ਮਾਮਲੇ ਸਬੰਧੀ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸਥਾਨਕ ਸਿਵਲ ਹਸਪਤਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦਾ ਪੋਸਟਮਾਰਟਮ ਗਿੱਦੜਬਾਹਾ ਦੀ ਜਗ੍ਹਾ ਫਰੀਦਕੋਟ ਮੈਡੀਕਲ ਕਾਲਜ ਵਿਖੇ ਹੋਣ ਦੀ ਗੱਲ ਕਹੀ ਗਈ ਪਰ ਮ੍ਰਿਤਕ ਦੇ ਪਰਵਾਰਕ ਜੀਆਂ ਤੇ ਪਿੰਡ ਵਾਸੀਆਂ ਨੇ ਉਸ ਦਾ ਪੋਸਟਮਾਰਟਮ ਗਿੱਦੜਬਾਹਾ ਸਿਵਲ ਹਸਪਤਾਲ ਵਿਖੇ ਕੀਤੇ ਜਾਣ ਦੀ ਮੰਗ ਕੀਤੀ।

ਪਰਵਾਰਕ ਜੀਆਂ ਨੇ ਪਿੰਡ ਵਾਸੀਆਂ ਨਾਲ ਸਥਾਨਕ ਗਿੱਦੜਬਾਹਾ-ਹੁਸਨਰ ਰੋਡ 'ਤੇ ਧਰਨਾ ਲਗਾ ਕੇ ਆਵਾਜਾਈ ਬੰਦ ਕਰ ਦਿਤੀ। ਇਸ ਸਬੰਧੀ ਪਿੰਡ ਵਾਸੀਆਂ ਨੇ ਦਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਦੇ ਮਾਪੇ ਅਤੇ ਉਸ ਦਾ ਸਹੁਰਾ ਪਰਵਾਰ ਦੀ ਸਹਿਮਤੀ ਨਾਲ ਪੁਲਿਸ ਵਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਫਿਰ ਵੀ ਹਸਪਤਾਲ ਪ੍ਰਸ਼ਾਸਨ ਨੇ ਮ੍ਰਿਤਕ ਦੇ ਗਿੱਦੜਬਾਹਾ ਵਿਖੇ ਪੋਸਟਮਾਰਟਮ ਦੀ ਗੱਲ ਪਹਿਲਾਂ ਨਾ ਕਰ ਕੇ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਅਤੇ ਹੁਣ ਪੋਸਟਮਾਰਟਮ ਫਰੀਦਕੋਟ ਮੈਡੀਕਲ ਕਾਲਜ ਤੋਂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮਜਬੂਰੀਵਸ ਉਨ੍ਹਾਂ ਨੂੰ ਇਹ ਧਰਨਾ ਲਗਾਉਣਾ ਪਿਆ ਹੈ। 

ਜਦੋਂ ਇਸ ਸਬੰਧੀ ਐਸ.ਐਮ.ਓ. ਡਾ. ਪ੍ਰਦੀਪ ਸਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਮਾਨਯੋਗ ਅਦਾਲਤ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਖ਼ੁਦਕੁਸ਼ੀ ਜਾਂ ਕਤਲ ਮਾਮਲੇ ਸੰਬੰਧੀ ਪੋਸਟਮਾਰਟਮ ਫੋਰੈਂਸਿਕ ਮਾਹਰ ਦੀ ਦੇਖ-ਰੇਖ ਹੇਠ ਹੀ ਕੀਤਾ ਜਾਵੇ ਪ੍ਰੰਤੂ ਸਮੁੱਚੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕੋਈ ਵੀ ਫੋਰੈਂਸਿਕ ਮਾਹਰ ਨਾ ਹੋਣ ਕਾਰਨ ਉਨ੍ਹਾਂ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਫ਼ਰੀਦਕੋਟ ਮੈਡੀਕਲ ਕਾਲਜ ਤੋਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।

ਮਾਮਲੇ ਬਾਰੇ ਪਤਾ ਲੱਗਣ 'ਤੇ ਮੌਕੇ 'ਤੇ ਪੁੱਜੇ ਐਸ.ਐਚ.ਓ. ਕੇਵਲ ਸਿੰਘ ਨੇ ਮ੍ਰਿਤਕ ਦੇ ਪਰਵਾਰਕ ਜੀਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਅਖੀਰ ਐਸ.ਐਚ.ਓ. ਕੇਵਲ ਸਿੰਘ ਅਤੇ ਐਸ.ਐਮ. ਓ. ਡਾ. ਪ੍ਰਦੀਪ ਸਚਦੇਵਾ ਵਲੋਂ ਸਮਝਾਉਣ ਤੋਂ ਬਾਅਦ ਪਰਵਾਰਕ ਜੀਅ ਤੇ ਪਿੰਡ ਵਾਸੀ ਧਰਨਾ ਚੁੱਕਣ ਅਤੇ ਮ੍ਰਿਤਕ ਦਾ ਪੋਸਟਮਾਰਟਮ ਫ਼ਰੀਦਕੋਟ ਮੈਡੀਕਲ ਕਾਲਜ ਤੋਂ ਕਰਵਾਉਣ ਲਈ ਤਿਆਰ ਹੋ ਗਏ।