ਲੜਕੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਅਕਾਲੀ ਕੌਂਸਲਰ ਗ੍ਰਿਫ਼ਤਾਰ
ਕਰੀਬ ਤਿੰਨ ਮਹੀਨੇ ਪਹਿਲਾਂ ਸਥਾਨਕ ਰੋਜ਼ ਗਾਰਡਨ ਵਿਚ ਸਥਿਤ ਜੋਗਰ ਪਾਰਕ 'ਚ ਇਕ ਨਵਵਿਆਹੁਤਾ ਲੜਕੀ ਵਲੋਂ ਕੀਤੀ ਆਤਮਹਤਿਆ ਦੇ ਮਾਮਲੇ ਨੇ ਅੱਜ...
ਬਠਿੰਡਾ, ਕਰੀਬ ਤਿੰਨ ਮਹੀਨੇ ਪਹਿਲਾਂ ਸਥਾਨਕ ਰੋਜ਼ ਗਾਰਡਨ ਵਿਚ ਸਥਿਤ ਜੋਗਰ ਪਾਰਕ 'ਚ ਇਕ ਨਵਵਿਆਹੁਤਾ ਲੜਕੀ ਵਲੋਂ ਕੀਤੀ ਆਤਮਹਤਿਆ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਲੜਕੀ ਦੇ ਮੋਬਾਈਲ ਫ਼ੋਨ ਵਿਚੋਂ ਆਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਕ ਅਕਾਲੀ ਕੌਂਸਲਰ ਦੀ ਸ਼ਿਕਾਇਤ ਉਪਰ ਇਕ ਹੋਰ ਅਕਾਲੀ ਕੌਂਸਲਰ ਵਿਰੁਧ ਧਾਰਾ 306 ਦਾ ਕੇਸ ਦਰਜ ਕਰ ਲਿਆ।
ਪਤਾ ਲੱਗਿਆ ਹੈ ਕਿ ਰਜਿੰਦਰ ਸਿੰਘ ਸਿੱਧੂ ਨੂੰ ਅੱਜ ਦੇਰ ਸ਼ਾਮ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਹਾਲਾਂਕਿ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੇ ਇਸ ਆਡੀਉ ਨੂੰ ਅਪਣੇ ਵਿਰੁਧ ਕਾਂਗਰਸ ਦੀ ਸਾਜਸ਼ ਕਰਾਰ ਦਿਤਾ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਕਾਲੀ ਕੌਂਸਲਰ ਸ਼ਹਿਰ ਦੀ ਇਤਿਹਾਸਕ ਤੇ ਪੁਰਾਤਨ ਧਾਰਮਕ ਸੰਸਥਾ ਗੁਰਦਵਾਰਾ ਸਿੰਘ ਸਭਾ ਦਾ ਵੀ ਪਿਛਲੇ ਕਈ ਸਾਲਾਂ ਤੋਂ ਪ੍ਰਧਾਨ ਚਲਿਆ ਆ ਰਿਹਾ ਹੈ। ਇਸ ਸੰਸਥਾ ਦੇ ਅਧੀਨ ਪੁਰਾਤਨ ਖ਼ਾਲਸਾ ਸਕੂਲ ਤੋਂ ਇਲਾਵਾ ਖ਼ਾਲਸਾ ਗਰਲਜ਼ ਕਾਲਜ ਸਹਿਤ ਕਈ ਵਿਦਿਅਕ ਸੰਸਥਾਵਾਂ ਵੀ ਚੱਲ ਰਹੀਆਂ ਹਨ।
ਇਸਤੋਂ ਇਲਾਵਾ ਇਥੇ ਇਹ ਵੀ ਦਸਣਾ ਅਤਿ ਜ਼ਰੂਰੀ ਹੈ ਕਿ ਕੌਂਸਲਰ ਰਜਿੰਦਰ ਸਿੰਘ ਸਿੱਧੂ ਉਹ ਸਖ਼ਸ਼ ਹੈ ਜਿਸਨੇ ਸਾਲ 2007 ਵਿਚ ਡੇਰਾ ਸਿਰਸਾ ਦੇ ਮੁਖੀ ਵਿਰੁਧ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਇਸ ਮਾਮਲੇ ਵਿਚ ਸਾਲ 2012 ਦੀ 27 ਜਨਵਰੀ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ ਸੀ ਜਦ ਉਕਤ ਅਕਾਲੀ ਆਗੂ ਦੇ ਬਿਆਨਾਂ ਵਾਲੇ ਹਲਫ਼ੀਆ ਬਿਆਨ ਤਹਿਤ ਪੁਲਿਸ ਨੇ ਸੌਦਾ ਸਾਧ ਵਿਰੁਧ ਕੇਸ ਵਾਪਸ ਲੈਣ ਲਈ ਅਦਾਲਤ ਵਿਚ ਕੇਸ ਦਾਈਰ ਕਰ ਦਿਤਾ ਸੀ ਪ੍ਰੰਤੂ ਬਾਅਦ ਵਿਚ ਮੀਡੀਆ ਵਲੋਂ ਇਹ ਮਾਮਲਾ ਚੁੱਕਣ 'ਤੇ ਅਕਾਲੀ ਦਲ ਦੀ ਇਹ ਮੁਹਿੰਮ ਅਸਫ਼ਲ ਹੋ ਗਈ ਸੀ।
ਉਧਰ ਅੱਜ ਇਸ ਮਾਮਲੇ 'ਚ ਪਰਚਾ ਦਰਜ ਕਰਵਾਉਣ ਵਾਲੇ ਅਕਾਲੀ ਕੌਂਸਲਰ ਤਰਲੋਚ ਸਿੰਘ ਨੇ ਪੁਲਿਸ ਕੋਲ ਦਾਅਵਾ ਕੀਤਾ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਆਤਮਹਤਿਆ ਕਰਨ ਵਾਲੀ ਮ੍ਰਿਤਕ ਲੜਕੀ ਜਸਮੀਨ ਕੌਰ ਉਸਦੀ ਗੁਆਂਢ ਵਿਚ ਰਹਿੰਦੀ ਸੀ ਤੇ ਉਸਦੀ ਮੌਤ ਪਿੱਛੇ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਜ਼ਿੰਮੇਵਾਰ ਹੈ। ਦਸਣਾ ਬਣਦਾ ਹੈ ਕਿ ਸਥਾਨਕ ਸ਼ਹਿਰ ਦੇ ਗੁਰੂ ਨਾਨਕ ਪੁਰਾ ਮੁਹੱਲਾ 'ਚ ਰਹਿਣ ਵਾਲੀ ਜਸਮੀਨ ਕੌਰ ਨੇ ਜੋਗਰ ਪਾਰਕ ਵਿਚ ਜ਼ਹਿਰੀਲੀ ਦਵਾਈ ਪੀ ਕੇ ਆਤਮਹਤਿਆ ਕਰ ਲਈ ਸੀ।
ਜਸਮੀਨ ਕੌਰ ਦਾ ਕੁੱਝ ਮਹੀਨੇ ਪਹਿਲਾਂ ਹੀ ਨਜਦੀਕੀ ਪਿੰਡ ਜੋਧਪੁਰ ਰੋਮਾਣਾ ਦੇ ਸੁਖਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਘਟਨਾ ਸਮੇਂ ਮ੍ਰਿਤਕ ਲੜਕੀ ਅਪਣੇ ਪੇਕੇ ਆਈ ਹੋਈ ਸੀ। ਘਟਨਾ ਸਮੇਂ ਉਹ ਬਾਅਦ ਦੁਪਿਹਰ ਘਰੋਂ ਦਵਾਈ ਲੈਣ ਬਾਰੇ ਕਹਿ ਕੇ ਗਈ ਸੀ। ਪ੍ਰੰਤੂ ਉਸਨੇ ਰੋਜ਼ ਗਾਰਡਨ ਕੋਲ ਸਥਿਤ ਜੋਗਰ ਪਾਰਕ ਵਿਚ ਜ਼ਹਿਰਲੀ ਵਸਤੂ ਖਾ ਲਈ, ਜਿਸ ਕਾਰਨ ਉਸਦੀ ਹਾਲਾਤ ਖ਼ਰਾਬ ਹੋ ਗਈ ਤੇ ਫ਼ਿਰ ਮੌਤ ਹੋ ਗਈ ਸੇ। ਇਸ ਮਾਮਲੇ 'ਚ ਥਾਣਾ ਥਰਮਲ ਦੀ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਸੀ।
ਉਧਰ ਥਾਣਾ ਥਰਮਲ ਦੇ ਮੁਖੀ ਇੰਸਪੈਕਟਰ ਸਿਵ ਚੰਦ ਨੇ ਅਕਾਲੀ ਕੌਂਸਲਰ ਤਰਲੋਚਨ ਸਿੰਘ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਵਿਰੁਧ ਧਾਰਾ 306 ਤਹਿਕ ਮੁਕੱਦਮਾ ਨੰਬਰ 42 ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਮੁਤਾਬਕ ਜਸਮੀਨ ਕੌਰ ਨੂੰ ਮਰਨ ਲਈ ਰਜਿੰਦਰ ਸਿੰਘ ਨੇ ਹੀ ਮਜਬੂਰ ਕੀਤਾ ਸੀ। ਪੁਲਿਸ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਰਜਿੰਦਰ ਸਿੰਘ ਸਿੱਧੂ ਨੂੰ ਅੱਜ ਦੇਰ ਸ਼ਾਮ ਗ੍ਰਿਫ਼ਤਾਰ ਵੀ ਕਰ ਲਿਆ ਹੈ।