ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਸਿਟ ’ਚ ਬਗ਼ਾਵਤ: ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਸਿਟ ’ਚ ਬਗ਼ਾਵਤ: ਹਰਪਾਲ ਚੀਮਾ

Harpal Singh Cheema

ਚੰਡੀਗੜ੍ਹ: ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਕਮੇਟੀ (ਸਿਟ) ਦੇ ਮੁਖੀ ਅਤੇ 3 ਹੋਰ ਮੈਂਬਰ ਪੁਲਿਸ ਅਧਿਕਾਰੀਆਂ ਵਲੋਂ ਅਪਣੇ ਸਾਥੀ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਖ਼ਿਲਾਫ਼ ਖੋਲੇ ਮੋਰਚੇ ਨੂੰ ਵੱਡੇ ਪੱਧਰ ਦੀ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿਤਾ, ਜਿਸ ਦਾ ਮਕਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ਾਂ ’ਚ ਘਿਰੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਬਾਕੀ ਗੁਨਾਹਗਾਰਾਂ ਨੂੰ ਬਚਾਉਣਾ ਹੈ।

ਪਾਰਟੀ ਹੈੱਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵਾਲ 'ਟਾਇਮਿੰਗ' ਦਾ ਹੈ। ਜੇਕਰ ਸਿਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਸੰਵੇਦਨਸ਼ੀਲ ਜਾਂਚ ਦੌਰਾਨ ਸੱਚਮੁੱਚ ਆਪ ਹੁਦਰੀ ਕਰ ਰਿਹਾ ਸੀ ਤਾਂ ਇਹ ਚਾਰੇ ਸੀਨੀਅਰ ਪੁਲਸ ਅਧਿਕਾਰੀ ਜਾਂਚ ਦੌਰਾਨ ਹੀ ਕਿਉਂ ਨਹੀਂ ਬੋਲੇ? ਜਦਕਿ ਲੰਘੀ 26 ਮਈ ਨੂੰ ਸਿਟ ਵਜੋਂ ਅਦਾਲਤ 'ਚ ਚਲਾਨ ਪੇਸ਼ ਕਰਨ ਤੋਂ ਬਾਅਦ ਇੰਨਾ ਪੁਲਸ ਅਫ਼ਸਰਾਂ ਨੇ ਨਾ ਸਿਰਫ਼ ਹੱਥ ਪਿੱਛੇ ਖਿੱਚੇ ਹਨ, ਸਗੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁਧ ਸ਼ਿਕਾਇਤ ਕਰ ਕੇ ਜਾਂਚ ਰਿਪੋਰਟ ਵੀ ਪ੍ਰਭਾਵਿਤ ਕਰ ਦਿਤੀ ਹੈ,

ਜਿਸ ਆਧਾਰ 'ਤੇ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਸਮੇਤ ਬਾਕੀ ਦੋਸ਼ੀਆਂ ਵਿਰੁਧ ਚਲਾਨ ਪੇਸ਼ ਹੋਇਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੇ ਅਤਿ ਸੰਵੇਦਨਸ਼ੀਲ ਮਸਲੇ ਦੀ ਜਿਸ ਤਰੀਕੇ ਨਾਲ ਜਾਂਚ ਹੋ ਰਹੀ ਹੈ, ਇਹ ਦੋਸ਼ੀਆਂ ਨੂੰ ਫੜਨ ਦੀ ਥਾਂ ਬਚਾਉਣ 'ਤੇ ਕੇਂਦਰਿਤ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਚਾਹੁੰਦੀ ਹੀ ਨਹੀਂ ਕਿ ਬਾਦਲ ਅਤੇ ਸੈਣੀ ਸਮੇਤ ਇਸ ਮਸਲੇ ਦੇ ਬਾਕੀ ਗੁਨਾਹਗਾਰਾਂ ਨੂੰ ਸਖ਼ਤ ਸਜਾ ਮਿਲੇ।

ਚੀਮਾ ਨੇ ਦੋਸ਼ ਲਗਾਇਆ ਕਿ ਪਹਿਲਾਂ ਲੋਕ ਸਭ ਚੋਣਾਂ ਦੀ 'ਟਾਇਮਿੰਗ' ਕਾਰਨ ਚਲਾਨ ਲਟਕਾਇਆ ਗਿਆ। ਇਸੇ ਦੌਰਾਨ ਚੋਣ ਕਮਿਸ਼ਨਰ ਨੂੰ ਹਥਿਆਰ ਵਜੋਂ ਵਰਤਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਚੋਣ ਜ਼ਾਬਤੇ ਦੌਰਾਨ ਤਬਾਦਲਾ ਕਰ ਦਿੱਤਾ ਗਿਆ ਸੀ। ਫਿਰ ਜਦੋਂ 'ਆਪ' ਸਮੇਤ ਪੰਜਾਬ ਦੇ ਲੋਕਾਂ ਅਤੇ ਸੰਗਠਨਾਂ ਨੇ ਦਬਾਅ ਬਣਾਇਆ ਤਾਂ ਕੁੰਵਰ ਵਿਜੈ ਸਿੰਘ ਦੀ ਬਹਾਲੀ ਤਾਂ ਕਰ ਦਿੱਤੀ ਗਈ, ਪਰੰਤੂ ਨਾਲ ਹੀ ਦੂਸਰੇ ਸਿਟ ਮੈਂਬਰਾਂ 'ਤੇ ਸਰਕਾਰੀ ਅਤੇ ਸਿਆਸੀ ਦਬਾਅ ਬਣਾ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁੱਧ ਸ਼ਿਕਾਇਤ ਕਰਵਾ ਦਿੱਤੀ ਗਈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2002 ਤੋਂ 2007 ਤੱਕ ਪਿਛਲੀ ਕੈਪਟਨ ਸਰਕਾਰ ਦੌਰਾਨ ਬਾਦਲ ਪਰਿਵਾਰ 'ਤੇ ਵਸੀਲਿਆਂ ਤੋਂ ਵੱਧ 3500 ਕਰੋੜ ਰੁਪਏ ਦੀ ਸੰਪਤੀ ਦੇ ਕੇਸ ਨੂੰ ਵੀ ਇਸੇ ਤਰ੍ਹਾਂ ਦੀਆਂ ਸਾਜ਼ਿਸ਼ਾਂ ਨਾਲ ਕਮਜ਼ੋਰ ਕੀਤਾ ਗਿਆ ਸੀ, ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਗਵਾਹ ਮੁਕਰਵਾਏ ਗਏ ਸਨ। ਉਸੇ ਤਰ੍ਹਾਂ ਦੀ ਕਵਾਇਦ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸ਼ਾਮਲ ਦੋਸ਼ੀਆਂ ਨੂੰ 'ਕਲੀਨ ਚਿੱਟ' ਦੇਣ ਦੀਆਂ ਸਾਜ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਚੀਮਾ ਨੇ ਮੰਗ ਕੀਤੀ ਕਿ ਕਿਸੇ ਵੀ ਕੀਮਤ 'ਤੇ ਇਸ ਸੰਵੇਦਨਸ਼ੀਲ ਮਸਲੇ ਦੀ ਜਾਂਚ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਅਤੇ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਸਮੇਤ ਸਾਰੇ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ।