ਵਿਜੀਲੈਂਸ ਵਲੋਂ ਜ਼ਮੀਨ ਦੀ ਨਿਸ਼ਾਨਦੇਹੀ ਬਦਲੇ 6500 ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨੂੰਗੋ ਵਲੋਂ ਕਿਸਾਨ ਤੋਂ ਪਹਿਲੀ ਕਿਸ਼ਤ ਦੇ ਰੂਪ ਵਿਚ 3500 ਰੁਪਏ ਲਈ ਗਈ ਸੀ ਰਿਸ਼ਵਤ, ਹੁਣ ਦੂਜੀ ਕਿਸ਼ਤ ਸੀ 6500 ਰੁਪਏ

Vigilance nabs kanungo for taking bribe

ਚੰਡੀਗੜ੍ਹ: ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਨੇ ਬਰੇਟਾ ’ਚ ਤੈਨਾਤ ਕਾਨੂੰਗੋ ਪਰਮਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਨੇ ਪਿੰਡ ਗੋਰਖਨਾਥ ਦੇ ਇਕ ਕਿਸਾਨ ਤੋਂ ਜ਼ਮੀਨ ਦੀ ਨਿਸ਼ਾਨਦੇਹੀ ਦੇ ਬਦਲੇ 12 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਨੂੰ ਮੌਕੇ ’ਤੇ ਕਿਸਾਨ ਨੇ 3500 ਰੁਪਏ ਦੇ ਦਿਤੇ ਅਤੇ ਬਾਕੀ ਦੀ ਰਕਮ 6500 ਅੱਜ ਜਿਵੇਂ ਹੀ ਕਾਨੂੰਗੋ ਨੇ ਫੜੀ ਤਾਂ ਵਿਜੀਲੈਂਸ ਨੇ ਉਸ ਨੂੰ ਮੌਕੇ ’ਤੇ ਦਬੋਚ ਲਿਆ।

ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗੋਰਖਨਾਥ ਦੇ ਕਿਸਾਨ ਗੁਰਲਾਲ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਨੂੰਗੋ ਪਰਮਜੀਤ ਸਿੰਘ ਜ਼ਮੀਨ ਦੀ ਨਿਸ਼ਾਨਦੇਹੀ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੇ ਪਹਿਲਾਂ 3500 ਰੁਪਏ ਦੇ ਦਿਤੇ ਸੀ ਜਿਵੇਂ ਹੀ 6500 ਰੁਪਏ ਪਰਮਜੀਤ ਸਿੰਘ ਨੂੰ ਦਿਤੇ ਤਾਂ ਉਨ੍ਹਾਂ ਨੇ ਸਰਕਾਰੀ ਗਵਾਹਾਂ ਦੇ ਸਾਹਮਣੇ ਪਰਮਜੀਤ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਉਸ ਵਿਰੁਧ ਥਾਣਾ ਵਿਜੀਲੈਂਸ ਬਠਿੰਡਾ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ

ਅਤੇ ਦੋਸ਼ੀ ਕਾਨੂੰਗੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ, ਪੀੜਤ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਕਾਨੂੰਗੋ ਪਰਮਜੀਤ ਸਿੰਘ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਬਦਲੇ ਉਨ੍ਹਾਂ ਨੂੰ ਲਗਾਤਾਰ ਪਿਛਲੇ 2 ਮਹੀਨੇ ਤੋਂ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਆਖ਼ੀਰ ਵਿਚ ਉਸ ਨੇ 12 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 10 ਹਜ਼ਾਰ ਵਿਚ ਤੈਅ ਹੋਇਆ। 3500 ਰੁਪਏ ਉਸ ਨੂੰ ਪਹਿਲਾਂ ਦਿਤੇ ਗਏ ਤੇ 6500 ਰੁਪਏ ਅੱਜ ਦਿਤੇ। ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਮਾਨਸਾ ਨੂੰ ਦਿਤੀ ਗਈ ਸੀ, ਜਿਨ੍ਹਾਂ ਨੇ ਰਿਸ਼ਵਤ ਲੈਂਦੇ ਕਾਨੂੰਗੋ ਨੂੰ ਪੈਸਿਆਂ ਸਮੇਤ ਮੌਕੇ ’ਤੇ ਦਬੋਚ ਲਿਆ।