ਸ਼ਹਿਰ 'ਚ ਕੈਨੇਡਾ ਤੋਂ ਪਰਤੀ ਮੁਟਿਆਰ ਸਣੇ ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਕੋਰੋਨਾ ਦੇ ਚਾਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ

File

ਚੰਡੀਗੜ੍ਹ- ਸ਼ਹਿਰ ਵਿਚ ਐਤਵਾਰ ਕੋਰੋਨਾ ਦੇ ਚਾਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿਚ ਇਕ ਮੁਟਿਆਰ ਕੈਨੇਡਾ ਤੋਂ ਪਰਤੀ ਹੈ। ਉਥੇ ਹੀ ਸ਼ਹਿਰ ਦੇ ਖੁੱਡਾਅਲੀ ਸ਼ੇਰ ਇਲਾਕੇ ਤੋਂ ਇਕ 40 ਸਾਲ ਦਾ ਵਿਅਕਤੀ ਅਤੇ ਦੋ ਹੋਰ ਮਾਮਲੇ ਹਾਟਸਪਾਟ ਬਾਪੂਧਾਮ ਕਲੋਨੀ ਤੋਂ ਹਨ। ਕੈਨੇਡਾ ਤੋਂ ਆਈ 27 ਸਾਲਾ ਮੁਟਿਆਰ ਵਿਦੇਸ਼ 'ਚ ਪੜ੍ਹਾਈ ਕਰਦੀ ਹੈ, ਜਦਕਿ ਉਸ ਦਾ ਪਰਵਾਰ ਚੰਡੀਗੜ੍ਹ ਵਿਚ ਰਹਿੰਦਾ ਹੈ।

ਮੁਟਿਆਰ 26 ਮਈ ਨੂੰ ਹੀ ਕੈਨੇਡਾ ਤੋਂ ਪਰਤੀ ਹੈ ਅਤੇ ਉਸ ਨੂੰ ਹੋਟਲ ਮਾਊਂਟਵਿਊ ਵਿਚ ਇਕਾਂਤਵਾਸ ਕੀਤਾ ਗਿਆ ਸੀ, ਜਿਥੇ ਟੈਸਟ ਕਰਨ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਥੇ ਹੀ ਬਾਪੂਧਾਮ ਦੇ ਦੋ ਮਾਮਲਿਆਂ ਵਿਚ ਇਕ 75 ਸਾਲ ਦੀ ਬਜ਼ੁਰਗ ਔਰਤ ਅਤੇ ਦੂਜੀ 20 ਸਾਲ ਦੀ ਮੁਟਿਆਰ ਹੈ। ਉਥੇ ਹੀ ਖੁੱਡਾਅਲੀ  ਸ਼ੇਰ ਇਲਾਕੇ ਵਿਚ ਪਾਜ਼ੇਟਿਵ ਪਾਏ ਗਏ ਵਿਅਕਤੀ ਨੂੰ ਜੀਐਮਐਸਐਚ-16 ਵਿਚ ਦਾਖ਼ਲ ਕੀਤਾ ਗਿਆ ਹੈ।

ਇਸ ਦੇ ਨਾਲ ਸ਼ਹਿਰ ਵਿਚ ਕੋਰੋਨਾ ਦੇ ਕੁਲ ਕੇਸ 293 ਹੋ ਗਏ ਹਨ ਜਦਕਿ 199 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਹੋ ਚੁਕੇ ਹਨ। ਸ਼ਹਿਰ ਵਿਚ ਐਕਟਿਵ ਕੇਸਾਂ ਦੀ ਗਿਣਤੀ 90 ਹੋ ਗਈ ਹੈ ਅਤੇ ਹਾਲੇ ਤਕ ਕੋਰੋਨਾ ਨਾਲ ਚਾਰ ਮੌਤਾਂ ਹੋਈਆਂ ਹਨ। ਬੀਤੇ ਸ਼ਨਿਚਰਵਾਰ ਸ਼ਹਿਰ ਵਿਚ ਇਕ ਵੀ ਨਵਾਂ ਕੋਰੋਨਾ ਪਾਜ਼ੇਟਿਵ ਮਰੀਜ ਸਾਹਮਣੇ ਨਹੀ ਆਇਆ ਸੀ।

ਸਨਿਚਰਵਾਰ ਨੂੰ 22 ਲੋਕਾਂ ਦੇ ਨਮੂਨੇ ਲੈ ਕੇ ਟੈਸਟਿੰਗ ਲਈ ਭੇਜੇ ਗਏ ਸਨ। ਸ਼ਹਿਰ ਵਿਚ ਹੁਣ ਤਕ 4654 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ।  ਇਨ੍ਹਾਂ ਵਿਚੋਂ 4342 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਵਿਚ ਇਸ ਸਮੇਂ ਹੁਣ 88 ਕੋਰੋਨਾ ਐਕਟਿਵ ਮਰੀਜ਼ ਹਨ।  ਪੀਜੀਆਈ ਵਿਚ ਪੰਜ ਘੰਟੇ ਵਿਚ ਕੋਰੋਨਾ ਪਾਜ਼ੇਟਿਵ ਦੇ ਸਿਰ ਦੀ ਸਫ਼ਲ ਸਰਜਰੀ : ਪੀ.ਜੀ.ਆਈ. ਨੇ ਇਕ ਵਾਰ ਫਿਰ ਇਤਹਾਸ ਰਚਿਆ ਹੈ।

ਪੀ.ਜੀ.ਆਈ. ਦੇ ਡਾਕਟਰਾਂ ਨੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਸਿਰ ਦੀ ਸਰਜਰੀ ਕੀਤੀ। ਡਾਕਟਰਾਂ ਨੇ ਅਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਮਰੀਜ਼ ਦੀ ਜਾਨ ਬਚਾਈ। ਜਾਣਕਾਰੀ ਮੁਤਾਬਕ 50 ਸਾਲ ਦੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਸਿਰ ਤੇ ਗੰਭੀਰ ਸੱਟ ਲੱਗੀ ਸੀ। ਜਦ ਉਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਲਿਆਇਆ ਗਿਆ।

ਉਸ ਦੇ ਕੋਰੋਨਾ ਨਮੂਨੇ ਲੈ ਕੇ ਟੈਸਟਿੰਗ ਕੀਤੀ ਗਈ। ਇਹ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਪੀ.ਜੀ.ਆਈ. ਨੇ ਬੀਤੇ ਸ਼ੁੱਕਰਵਾਰ ਨੂੰ ਇਸ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹੈਡ ਇੰਜਰੀ ਸਰਜਰੀ ਕੀਤੀ। ਪੰਜ ਘੰਟੇ ਦੀ ਸਰਜਰੀ ਦੇ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਮਰੀਜ਼ ਨੂੰ ਨਵਾਂ ਜੀਵਨ ਦਿਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।