‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ ਲਈ ਬਣਾਈ ਕਮੇਟੀ ਦਾ ਮੁੱਖ ਕੰਮ ਬਾਦਲਾਂ ਨੂੰ ਬਚਾਉਣਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਜਾਂਚ ਕਰਤਾ ਭਾਈ ਈਸ਼ਰ ਸਿੰਘ ਹੈ ਗਿਆਨੀ ਹਰਪ੍ਰੀਤ ਸਿੰੰਘ ਦਾ ਦੋਸਤ

Bhai Ranjit Singh

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ ਦੇ ਮਾਮਲੇ ਉਤੇ ਬਣਾਈ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਸ ਕਮੇਟੀ ਦਾ ਮੁੱਖ ਕੰਮ ਬਾਦਲਾਂ ਨੂੰ ਬਚਾਉਣਾ ਹੈ। ਅੱਜ ਅਪਣੇ ਨਿਵਾਸ ਵਿਚ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕੋਸ਼ਿਸ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਮਲੇ ਉਤੇ ਬਾਦਲ ਪਿਉ-ਪੁੱਤਰ ਹਰ ਹਾਲ ਵਿਚ ਪਾਕ ਸਾਫ਼ ਹੋ ਕੇ ਨਿਕਲਣ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਪੰਜ ਗੁਰਸਿੱਖ ਸਾਬਕਾ ਜੱਜ, ਵਕੀਲ, ਡਾਕਟਰ, ਜਰਨਲ ਜਾਂ ਵਿਦਵਾਨਾਂ ਦੇ ਆਧਾਰਤ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਚੰਭੇ ਵਾਲੀ ਗਲ ਇਹ ਹੈ ਕਿ ਜਾਂਚ ਕਰਤਾ ਭਾਈ ਈਸ਼ਰ ਸਿੰਘ, ਗਿਆਨੀ ਹਰਪ੍ਰੀਤ ਸਿੰੰਘ ਦਾ ਦੌਸਤ ਹੈ ਅਤੇ ਉਹ ਇਕ ਸਾਬਕਾ ਮੈਂਬਰ ਦੁਆਰਾ ਚਲਾਈ ਜਾ ਰਹੀ ਸੰਸਥਾ ਅਕਾਲ ਪੁਰਖ ਕੀ ਫ਼ੌਜ ਦਾ ਮੈਂਬਰ ਹੈ।

ਉਨ੍ਹਾਂ ਜਥੇਦਾਰ ਵਲੋਂ ਬਣਾਈ ਪੜਤਾਲੀਆ ਕਮੇਟੀ ਦੀ ਜੱਜ ਬੀਬੀ ਨਵਿਤਾ ਸਿੰਘ ਦਾ ਨਾਮ ਹੀ ਪੰਥਕ ਹਲਕਿਆਂ ਵਿਚ ਪਹਿਲੀ ਵਾਰ ਸੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਦੋਸ਼ੀ ਮੁਲਾਜ਼ਮ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇੰਕਸ਼ਾਫ਼ ਕੀਤਾ ਸੀ ਕਿ 125 ਸਰੂਪ ਤਿਆਰ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਰਖੇ ਜਾ ਚੁੱਕੇ ਹਨ ਤੇ ਹੁਣ ਇਹ ਕਿਹਾ ਜਾਵੇਗਾ ਕਿ ਇਹ ਸਰੂਪ ਲੈਜਰਾਂ ਵਿਚ ਚੜ੍ਹਨ ਤੋਂ ਰਹਿ ਗਏ ਸਨ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਲੋਕ ਵਿਚ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਰੂਪਾਂ ਦੇ ਮਾਮਲੇ ਵਿਚ ਬਚਾਅ ਲੈਣਗੇ ਪਰ ਪਰਲੋਕ ਵਿਚ ਕੀ ਕਰਨਗੇ? ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਕਾਇਮ ਸੰਸਥਾ ਹੀ ਕਟਿਹਰੇ ਵਿਚ ਖੜੀ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਬਣੀ ਕਮੇਟੀ ਦੀ ਜੱਜ 15 ਦਿਨ ਬਾਅਦ ਅਸਮਰਥਾ ਜਤਾਉਂਦੀ ਹੈ ਅਤੇ ਸਹਾਇਕ ਨੂੰ ਜੱਜ ਬੁਣਾ ਕੇ ਜਾਂਚ ਦਾ ਜ਼ਿੰਮਾ ਸੌਂਪ ਦਿਤਾ ਜਾਂਦਾ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ 2016 ਵਿਚ ਹੀ ਪਤਾ ਲਗ ਗਿਆ ਸੀ ਕਿ 267 ਸਰੂਪ ਘਟ ਹਨ ਫਿਰ ਵੀ ਇਸ ਸੱਭ ਨੂੰ ਲੁਕਾਇਆ ਗਿਆ। ਉਨ੍ਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੰਸਥਾ ਨੂੰ ਬਚਾਉਣ ਲਈ ਉਨ੍ਹਾਂ ਲੋਕਾ ਨੂੰ  ਗਲੋਂ ਲਾਹ ਦਿਤਾ ਜਾਵੇ ਜੋ ਗੁਰੂ ਨਾਲ ਧੋਖਾ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।