ਢੀਂਡਸਾ ਵਾਂਗ ਮਾਝੇ ਦੇ ਟਕਸਾਲੀ ਆਗੂਆਂ ਅਸਤੀਫ਼ੇ ਤਾਂ ਨਾ ਦਿਤੇ ਪਰ ਫੁੱਟ ਸਾਹਮਣੇ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਖਵਾਂ ਨੇ ਨਾਮ ਲੈਣ ਦੀ ਥਾਂ ਬਾਦਲਾਂ ਤੇ ਅਸਿੱਧੇ ਹਮਲੇ ਕੀਤੇ........

Ranjit Singh Brahmpura, Dr. Rattan Singh Ajnala and Sewa Singh Sekhwan talking to reporters

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਿਚ ਫੁੱਟ ਤਾਂ ਸਾਹਮਣੇ ਆਉਣੋਂ ਨਾ ਰਹਿ ਸਕੀ ਪਰ ਸਾਬਕਾ ਅਕਾਲੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਾਂਗ ਅਸਤੀਫ਼ਾ ਦੇਣ ਦੀ ਥਾਂ ਮਾਝੇ ਦੇ ਟਕਸਾਲੀ ਅਕਾਲੀਆਂ ਸ਼੍ਰੀ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਰਾਜ ਸਭਾ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਡਾ. ਰਤਨ ਸਿੰਘ ਅਜਨਾਲਾ ਸਾਬਕਾ ਲੋਕ ਸਭਾ ਮੈਂਬਰ, ਮਨਮੋਹਨ ਸਿੰਘ ਗੁਮਟਾਲਾ ਸਾਬਕਾ ਐਮ.ਐਲ.ਏ. ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਪਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ 'ਚ ਆਏ ਨਿਘਾਰ ਨੂੰ ਲੀਹ ਤੇ ਲਿਆਉਣਗੇ ਅਤੇ ਕਿਸੇ ਵੀ ਕੀਮਤ ਤੇ ਪਾਰਟੀ ਨਹੀਂ ਛੱਡਣਗੇ।

ਇਹ ਸ਼ਬਦ ਸੁਣ ਕੇ ਮੀਡੀਆ ਚੁੱਪ ਹੋ ਗਿਆ, ਜੋ ਅਸਤੀਫ਼ਿਆਂ ਦੀ ਖ਼ਬਰ ਲੈਣ ਲਈ ਆਏ ਸਨ। ਪੰਜ ਘੰਟੇ ਚੱਲੀ ਮੀਟਿੰਗ ਬਾਅਦ ਉਕਤ ਆਗੂਆਂ ਨੇ ਕਿਹਾ ਕਿ ਅੱਜ ਸਾਡੇ ਤੇ ਬਾਦਲਾਂ ਦਾ ਨਾ ਤਾਂ ਕੋਈ ਵੀ ਦਬਾਅ ਪਿਆ ਅਤੇ ਨਾ ਹੀ ਕੋਈ ਉਨ੍ਹਾਂ ਦਾ ਫੋਨ ਆਇਆ ਹੈ। ਅੱਜ ਦੀ ਮੀਟਿੰਗ 'ਚ ਮਾਲਵਾ ਦੁਆਬਾ ਤੋਂ ਕੋਈ ਵੀ ਟਕਸਾਲੀ ਅਕਾਲੀ ਆਗੂ ਨਾ ਪੁੱਜਾ ਜਿਸ ਬਾਰੇ ਚਰਚਾ ਹੋ ਰਹੀ ਸੀ। ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਕੇਂਦਰੀ ਭਾਜਪਾ ਸਰਕਾਰ ਨੂੰ ਸਪਸ਼ਟ ਕੀਤਾ ਕਿ ਉਹ ਪੰਜਾਬ ਦੇ ਹਿਤਾਂ ਵਿਰੁਧ ਗਈ ਤਾਂ ਉਸ ਨਾਲੋਂ ਨਾਤਾ ਤੋੜ ਲਿਆ ਜਾਵੇਗਾ।

ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਨਾਲੋਂ ਸੇਵਾ ਸਿੰਘ ਸੇਖਵਾਂ ਨੇ ਗੜ੍ਹਕੇ ਨਾਲ ਅਸਿੱਧੇ ਹਮਲੇ ਬਾਦਲਾਂ ਤੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਇਸ ਤੇ ਕਾਬਜ਼ ਆਗੂ ਬੜੇ ਛੋਟੇ ਕੱਦ ਦੇ ਹਨ। ਉਕਤ ਅਗੂਆਂ ਨੇ ਇਕ ਸੁਰ ਨਾਲ ਕਿਹਾ ਕਿ ਸ਼੍ਰੋੋਮਣੀ ਅਕਾਲੀ ਦਲ ਵਿੱਚ ਸਭ ਅੱਛਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਸਿੱਖ ਕੌਮ ਦੇ ਪ੍ਰੇਰਨਾ ਸਰੋਤ ਹਨ। ਇਨ੍ਹਾਂ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ।

ਸੇਵਾ ਸਿੰਘ ਸੇਖਵਾਂ ਨੇ ਸ਼ਪਸ਼ਟ ਕੀਤਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ, ਜੋ ਸਾਡੀ ਮਾਂ ਪਾਰਟੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਨਹੀਂ ਪਹੁੰਚਣ ਦੇਣਗੇ। ਸ਼੍ਰੋਮਣੀ ਅਕਾਲੀ ਦਲ ਊਣਤਾਈਆਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਸੁਧਾਰ ਲਈ ਮਸਲਾ ਪਾਰਟੀ ਦੀ ਕੋਰ ਕਮੇਟੀ ਵਿਚ ਰਖਿਆ ਜਾਵੇਗਾ। ਬ੍ਰਹਮਪੁਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬ ਤੇ ਸਿੱਖਾਂ ਦੇ ਹਿਤਾਂ ਲਈ ਭਾਜਪਾ ਨਾਲ ਸਮਝੌਤਾ ਤੋੜਨਾ ਪਿਆ ਤਾਂ ਤੋੜ ਦਿਆਂਗੇ।

ਬੇਅਦਬੀ ਕਾਂਡ ਵਿਚ ਜੋ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੇਖਵਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨਾਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਹਨ ਤੇ ਇਸ ਦੀਆ ਬੇਅਦਬੀਆਂ ਲਈ ਜ਼ੁੰਮੇਵਾਰਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਆਦਿ ਸਿੱਖ ਸੰਗਠਨਾਂ ਵਿਚ ਨਿਘਾਰ ਆਇਆ ਹੈ। ਇਸ ਵਿਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਨ੍ਹਾਂ ਸਿੱਖ ਪ੍ਰਤੀਨਿਧ ਸੰਸਥਾਵਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਮੰਨਿਆ ਕਿ ਸੌਦਾ ਸਾਧ ਨੂੰ 'ਜਥੇਦਾਰਾਂ' ਵਲੋਂ ਮਾਫ਼ੀ ਦੇਣੀ ਗ਼ਲਤੀ ਸੀ।

ਬਰਗਾੜੀ ਕਾਂਡ ਵਿਚ ਬੇਗੁਨਾਹਾਂ ਦਾ ਮਾਰੇ ਜਾਣਾ ਚੰਗਾ ਨਹੀਂ। ਅਸੀਂ ਅਸਤੀਫੇ ਕਿਉਂ ਦਈਏ ? ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਹੈ। ਸ਼੍ਰੋਮਣੀ ਅਕਾਲੀ ਦਲ 'ਚ ਆਏ ਮਾੜੇ ਅਨਸਰ ਪਾਰਟੀ ਚੋਂ ਕੱਢੇ ਜਾਣਗੇ। ਅਸਾਂ ਅੱਜ ਬਿਕਰਮ ਸਿੰਘ ਮਜੀਠੀਆਂ ਨੂੰ ਸੱਦਿਆ ਨਹੀਂ, ਭਵਿੱਖ ਵਿਚ ਮੀਟਿੰਗ ਹੋਣ ਤੇ ਉਨ੍ਹਾਂ ਨੂੰ ਸੱਦਾਂਗੇ। ਉਨ੍ਹਾਂ ਹੋਰ ਸਪਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਅੱਛਾ ਹੁੰਦਾ ਤਾਂ ਅੱਜ ਉਹ ਮੀਟਿੰਗ ਨਾ ਕਰਦੇ। ਸ਼੍ਰੋਮਣੀ ਅਕਾਲੀ ਦਲ ਛੱਡਾਂਗੇ ਨਹੀਂ, ਇਸ ਨੂੰ ਮਜ਼ਬੂਤ ਕੀਤਾ ਜਾਵੇਗਾ। 

ਇਸ ਮੌਕੇ ਅਕਾਲੀ ਆਗੂਆਂ ਨੇ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਕੇਦਰੀ ਸ਼ਾਸਤ ਪ੍ਰਦੇਸ਼ ਵਜੋਂ ਕੇਦਰ ਵਲੋਂ ਨੋਟੀਫ਼ੀਕੇਸ਼ਨ ਜਾਰੀ ਕਰਨ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੇਦਰ ਦਾ ਚੰਡੀਗੜ ਪ੍ਰਤੀ ਪੰਜਾਬ ਦੇ ਕਲੇਮ ਨੂੰ ਕਮਜ਼ੋਰ ਕਰਨ ਦੀ ਚਾਲ ਹੈ, ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕੇਂਦਰ ਸਰਕਾਰ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਜਾਹੇ ਇਸ ਲਈ ਅਕਾਲੀ ਭਾਜਪਾ ਦੀ ਭਾਈਵਾਲੀ ਤੋੜਣੀ ਪਵੇ।

ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਪਿਛੇ ਨਹੀਂ ਹਟੇਗਾ। ਉਹਨਾਂ ਦਸਿਆ ਕਿ ਮਾਝੇ ਦੇ ਆਗੂਆਂ ਨੇ ਇਹ ਇਕ ਦਬਾਅ ਗਰੁਪ ਕਾਇਮ ਕੀਤਾ ਹੈ ਅਤੇ ਕਿਸੇ ਚੰਗੇ ਕੰਮ ਲਈ ਦਬਾਅ ਦੀ ਰਾਜਨੀਤੀ ਕੋਈ ਮਾੜੀ ਗਲ ਨਹੀਂ ਹੈ। ਇਸ ਮੌਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮਨਮੋਹਨ ਸਿੰਘ ਸਠਿਆਲਾ ਆਦਿ ਮੌਜੂਦ ਸਨ।