ਜੇਤੂ ਅਕਾਲੀ ਦਲ ਦੇ ਸ਼ਲਿੰਦਰ ਸਿੰਘ ਹਜ਼ਾਰਾ ਵਿਰੁੱਧ ਧਾਰਾ 307 ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਜੇਤੂ ਅਕਾਲੀ ਦਲ ਦੇ ਆਗੂ ਸ਼ਲਿੰਦਰ ਸਿੰਘ ਹਜ਼ਾਰਾ ਅਤੇ ਉਸ ਦੇ ਨਾਲ ਹੋਰ 50 ਸਮਰਥਕਾਂ ਵਿਰੁੱਧ ਧਾਰਾ 307 ਦੇ ਤਹਿਤ...

Murder

ਮਮਦੋਟ : ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਜੇਤੂ ਅਕਾਲੀ ਦਲ ਦੇ ਆਗੂ ਸ਼ਲਿੰਦਰ ਸਿੰਘ ਹਜ਼ਾਰਾ ਅਤੇ ਉਸ ਦੇ ਨਾਲ ਹੋਰ 50 ਸਮਰਥਕਾਂ ਵਿਰੁੱਧ ਧਾਰਾ 307 ਦੇ ਤਹਿਤ ਇਰਾਦਾ ਕਤਲ ਦੋਸ਼ ਕਰਾਰ ਦਿੰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ। ਇਹ ਇਕ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮਾਮਲਾ ਹੈ ਅਤੇ ਇਸ ਵਿਚ ਰਾਣਾ ਸੋਢੀ ਦਾ ਪੀ.ਏ. ਵੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਹਨਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਰਾਣਾ ਸੋਢੀ ਦੇ ਹਾਰੇ ਹੋਏ ਪੀ.ਏ. ਵੱਲੋਂ ਅਕਾਲੀ ਦਲ ਦੇ ਮੈਂਬਰਾਂ ‘ਤੇ ਪਰਚਾ ਕਰਵਾਉਣ ਦਾ ਸਮਾਚਾਰ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜੋਧਪੁਰ ਦੇ ਜੋਨ ਨੰ 05 ਤੋਂ ਜਿੱਤੇ ਹੋਏ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ ਅਤੇ ਅਕਾਲੀ ਸਮੱਰਥਕ ਬਲਜੀਤ ਬੀਤੂ ਸਮੇਤ 40 ਜਾਂ 50 ਅਣਪਛਾਤੇ ਲੋਕਾਂ ਦੇ ਵਿਰੁੱਧ ਧਾਰਾ 307 ਦੇ ਤਹਿਤ ਇਰਾਦਾ-ਏ-ਕਤਲ ਦਾ ਥਾਣਾ ਮਮਦੋਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਚੋਣਾਂ ਦੇ ਨਤੀਜਿਆਂ ਵਾਲੇ ਦਿਨ 22 ਸਤੰਬਰ ਨੂੰ 413 ਵੋਟਾਂ ਨਾਲ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਚੋਣਾਂ ‘ਚ ਹਾਰੇ ਹੋਏ ਉਮੀਦਵਾਰ ਪੀ.ਏ. ਨਸੀਬ ਸਿੰਘ ਸੰਧੂ ਦੇ ਬਿਆਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ, ਅਕਾਲੀ ਦਲ ਦੇ ਮੈਂਬਰਾਂ ਵੱਲੋਂ ਇਸ ਪਰਚੇ ਨੂੰ ਝੂਠ ਦੱਸਿਆ ਗਿਆ ਹੈ ਅਤੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸੀ ਸਮੱਰਥਕਾਂ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਸੀ। ਅਕਾਲੀ ਦਲ ਨੇ ਮੌਜੂਦਾ ਕਾਂਗਰਸ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਆਪਣੇ ਅਧੀਨ ਇਕ ਕਠਪੁਤਲੀ ਬਣਾਇਆ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਸਫ਼ਾਈ ਦੇਣ ਤੋਂ ਗੁਰੇਜ਼ ਕਰਦੀ ਦਿਖਾਈ ਦੇ ਰਹੀ ਹੈ।