ਵਿਗਿਆਨ ਵਿਸ਼ੇ ਨੂੰ ਲਾਜ਼ਮੀ ਅੰਗਰੇਜ਼ੀ 'ਚ ਪੜ੍ਹਾਉਣ ਦਾ ਫ਼ੈਸਲਾ ਮਾਤ-ਭਾਸ਼ਾ ਵਿਰੋਧੀ ਫ਼ੈਸਲਾ: ਆਪ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰੀ ਸਕੂਲਾਂ ਨੂੰ 6ਵੀਂ ਤੋਂ 9ਵੀਂ ਤੱਕ ਗਣਿਤ ਅਤੇ ਵਿਗਿਆਨ ਵਿਸ਼ਾ ਪੰਜਾਬੀ ਦੀ ਜਗ੍ਹਾ ਲਾਜ਼ਮੀ ਅੰਗਰੇਜ਼ੀ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰੀ ਸਕੂਲਾਂ ਨੂੰ 6ਵੀਂ ਤੋਂ 9ਵੀਂ ਤੱਕ ਗਣਿਤ ਅਤੇ ਵਿਗਿਆਨ ਵਿਸ਼ਾ ਪੰਜਾਬੀ ਦੀ ਜਗ੍ਹਾ ਲਾਜ਼ਮੀ ਅੰਗਰੇਜ਼ੀ ਵਿਚ ਪੜਾਉਣ ਦੇ ਜਾਰੀ ਕੀਤੇ ਫ਼ੈਸਲੇ ਨੂੰ ਮਾਤ-ਭਾਸ਼ਾ ਵਿਰੋਧੀ ਫ਼ੈਸਲਾ ਕਰਾਰ ਦਿਤਾ ਹੈ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸੂਬੇ ਦੇ 2100 ਸਰਕਾਰੀ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਇਹ ਕਹਿਣਾ
ਕੀ 'ਉਹ ਨਵੇਂ ਵਿੱਦਿਅਕ ਸੈਸ਼ਨ ਤੋਂ 6ਵੀਂ ਤੋਂ 9ਵੀਂ ਤੱਕ ਦੇ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਮਾਧਿਅਮ ਵਿਚ ਪੜਾਉਣਗੇ' ਜੋ ਕਿ ਮਾਤ-ਭਾਸ਼ਾ ਵਿਰੋਧੀ ਫ਼ੈਸਲਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਮਾਤ-ਭਾਸ਼ਾ ਅਤੇ ਵਿਗਿਆਨਕ ਪੜਾਈ ਪ੍ਰਤੀ ਕਿੰਨੀ ਕੁ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਕਿਉਂਕਿ ਸੁਭਾਵਿਕ ਹੈ ਕੀ ਜੇਕਰ ਵਿਦਿਆਰਥੀ ਇਨ੍ਹਾਂ ਵਿਸ਼ਿਆਂ ਨੂੰ ਮਾਤ-ਭਾਸ਼ਾ ਦੀ ਜਗ੍ਹਾ ਵਿਦੇਸ਼ੀ ਭਾਸ਼ਾ ਵਿਚ ਪੜ੍ਹਨਗੇ ਤਾਂ ਉਹ ਪੂਰੀ ਤਰ੍ਹਾਂ ਉਸ ਵਿਸ਼ੇ ਦਾ ਗਿਆਨ ਹਾਸਲ ਨਹੀਂ ਕਰ ਪਾਉਣਗੇ।
ਇਹ ਕਦਮ ਉਨ੍ਹਾਂ ਨੂੰ ਗਣਿਤ ਅਤੇ ਵਿਗਿਆਨ ਦਾ ਪੂਰਾ ਗਿਆਨ ਹਾਸਲ ਕਰਨ ਦੇ ਅਸਮਰਥ ਬਣਾਏਗਾ ਅਤੇ ਭਵਿੱਖ ਨੂੰ ਗੈਰ ਵਿਗਿਆਨਕ। ਪ੍ਰਿੰਸੀਪਲ ਬੁੱਧ ਰਾਮ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਇਸ ਫ਼ੈਸਲੇ ਨੂੰ ਫ਼ੌਰੀ ਵਾਪਸ ਲਵੇ ਅਤੇ ਇਨ੍ਹਾਂ ਵਿਸ਼ਿਆਂ ਨੂੰ ਪੰਜਾਬੀ ਮਾਧਿਅਮ ਵਿਚ ਹੀ ਪੜਾਉਣ ਦੇ ਪੁਰਾਣੇ ਅਮਲ ਨੂੰ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਿਦਿਆਰਥੀਆਂ ਨੂੰ ਅੰਗ੍ਰੇਜੀ ਜਾਂ ਪੰਜਾਬੀ ਭਾਸ਼ਾ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਹ ਫੁਰਮਾਨ ਉਨ੍ਹਾਂ 'ਤੇ ਜਬਰਦਸਤੀ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।