ਤੇਲ ਕੀਮਤਾਂ ਨੂੰ GST ਦੇ ਘੇਰੇ 'ਚ ਲਿਆਉਣ ਦੀ ਮੰਗ ਨੇ ਫੜਿਆ ਜ਼ੋਰ, 45 ਰੁਪਏ ਹੋ ਸਕਦੈ ਪਟਰੌਲ ਦਾ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਲ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਸਮੇਤ ਆਮ ਲੋਕਾਂ ਵੱਲੋਂ ਸਰਕਾਰ 'ਤੇ ਹਮਲੇ ਜਾਰੀ

oil prices

ਚੰਡੀਗੜ੍ਹ : ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਨੱਕ ਵਿਚ ਦੰਮ ਕੀਤਾ ਹੋਇਆ ਹੈ। ਇਸ ਨੂੰ ਲੈ ਕੇ ਸਰਕਾਰ 'ਤੇ ਚੌਤਰਫਾ ਹਮਲੇ ਹੋ ਰਹੇ ਹਨ। ਵਿਰੋਧੀ ਧਿਰਾਂ ਵੱਲੋਂ 2014 ਤੋਂ ਪਹਿਲਾਂ ਦੇ ਕਾਂਗਰਸ ਕਾਰਜਕਾਲ ਵੇਲੇ ਵਧੀਆ ਤੇਲ ਕੀਮਤਾਂ ਅਤੇ ਉਸ ਸਮੇਂ ਭਾਜਪਾ ਵੱਲੋਂ ਕੀਤੇ ਗਏ ਹੋ-ਹੱਲੇ ਨੂੰ ਯਾਦ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਇਸਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਏ ਉਛਾਲ ਨੂੰ ਜ਼ਿੰਮੇਵਾਰ ਦੱਸ ਰਹੀ ਹੈ ਜਦਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਅੱਜ ਵੀ ਯੂਪੀਏ ਸਰਕਾਰ ਵੇਲੇ ਨਾਲੋਂ ਕਾਫੀ ਥੱਲੇ ਚੱਲ ਰਹੀਆਂ ਹਨ।

ਵਿਰੋਧੀ ਧਿਰਾਂ ਸਮੇਤ ਆਮ ਲੋਕਾਂ ਵੱਲੋਂ ਪਟਰੋਲੀਅਮ ਪਦਾਰਥਾਂ 'ਤੇ ਲਾਏ ਗਏ ਬੇਹਤਾਸ਼ਾ ਟੈਕਸਾਂ ਨੂੰ ਘਟਾਉਣ ਲਈ ਇਸ ਨੂੰ ਜੀਐਸਟੀ ਦੇ ਘੇਰੇ ਹੇਠ ਲਿਆਉਣ ਦੀ ਮੰਗ ਉਠ ਰਹੀ ਹੈ। ਭਾਵੇਂ ਸਰਕਾਰ ਇਸ ਨੂੰ ਲੈ ਕੇ ਆਨਾਕਾਨੀ ਕਰ ਰਹੀ ਹੈ, ਪਰ ਜਿਸ ਹਿਸਾਬ ਨਾਲ ਪਟਰੌਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਉਸ ਨੂੰ ਵੇਖਦਿਆਂ ਸਰਕਾਰ ਨੂੰ ਨੇੜ ਭਵਿੱਖ ਵਿਚ ਇਸ ਸਬੰਧੀ ਕੋੜਾ ਘੁੱਟ ਭਰਨ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਜੇਕਰ ਸਰਕਾਰ ਇਸ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਪਟਰੌਲ ਦੀ ਕੀਮਤ ਇਕਦਮ 45 ਰੁਪਏ ਦੇ ਆਸਪਾਸ ਥੱਲੇ ਆ ਸਕਦੀ ਹੈ।

ਇਸ ਸਮੇਂ ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਜਾਰੀ ਕੀਤੀਆਂ ਜਾਂਦੀਆਂ ਹਨ। ਫਿਲਹਾਲ, ਤੇਲ ਕੀਮਤਾਂ ਵਿਚ ਵਾਧਾ ਕੱਚੇ ਤੇਲ ਦੇ ਕੌਮਾਤਰੀ ਬਾਜ਼ਾਰ ਵਿਚ ਤੇਜ਼ੀ ਕਾਰਨ ਹੋ ਰਿਹਾ ਹੈ।  ਇਸ ਸਮੇਂ ਤੇਲ 'ਤੇ ਵੱਖ-ਵੱਖ ਕਿਸਮਾਂ ਦੇ ਟੈਕਸ ਲਾਏ ਜਾ ਰਹੇ ਹਨ ਜੋ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵੱਖੋ ਵੱਖ ਵਸੂਲੇ ਜਾਂਦੇ ਹਨ। ਜੇਕਰ ਪਟਰੌਲ ਜੀਐਸਟੀ ਅਧੀਨ ਆਉਂਦਾ ਹੈ ਤਾਂ ਪੈਟਰੋਲ 'ਤੇ ਸਿਰਫ ਜੀਐਸਟੀ ਲਾਇਆ ਜਾਵੇਗਾ, ਜੋ ਕਿਸ ਨਾ ਕਿਸੇ ਇਕ ਜੀਐਸਟੀ ਸਲੈਬ ਵਿਚ ਹੋਵੇਗਾ। ਇਸ ਸਮੇਂ ਜੀਐਸਟੀ ਦਾ ਵੱਧ ਤੋਂ ਵੱਧ ਸਲੈਬ 28 ਪ੍ਰਤੀਸ਼ਤ ਹੈ, ਯਾਨੀ ਜੀਐਸਟੀ ਵਿਚ ਪਟਰੌਲ ਦੇ ਦਾਖਲੇ ਤੋਂ ਬਾਅਦ ਵੱਧ ਤੋਂ ਵੱਧ 28 ਪ੍ਰਤੀਸ਼ਤ ਤਕ ਦਾ ਟੈਕਸ ਲਾਇਆ ਜਾ ਸਕਦਾ ਹੈ।

ਇਸ ਸਮੇਂ ਕੇਂਦਰ ਸਰਕਾਰ ਵੱਲੋਂ ਆਬਕਾਰੀ ਟੈਕਸ ਅਤੇ ਸੂਬਾ ਸਰਕਾਰ ਵੱਲੋਂ ਵੈਟ ਦੇ ਰੂਪ ਵਿਚ ਟੈਕਸ ਲਾਇਆ ਜਾਂਦਾ ਹੈ। ਇਸ ਨਾਲ ਪਟਰੌਲ ਦੀ ਕੀਮਤ ਕਾਫ਼ੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਪੈਟਰੋਲ ਪੰਪ ਜਾਂ ਡੀਲਰ ਆਦਿ ਦਾ ਮੁਨਾਫਾ ਵੀ ਜੋੜਿਆ ਜਾਂਦਾ ਹੈ। ਦਿੱਲੀ ਦਾ ਉਦਾਹਰਣ ਲੈ ਕੇ ਸਮਝਦੇ ਹਾਂ, ਦਿੱਲੀ ਵਿਚ ਪੈਟਰੋਲ ਦੀ ਕੀਮਤ 91.71 ਰੁਪਏ ਹੈ. ਇਸ 'ਚ ਬੇਸ ਪੈਟਰੋਲ ਦੀ ਬੇਸ ਪ੍ਰਾਈਸ ਸਿਰਫ 33.26 ਰੁਪਏ ਹੈ, ਜਿਸ 'ਚ 0.28 ਰੁਪਏ ਦਾ ਫਰੇਟ ਚਾਰਜ ਲਗਾਇਆ ਜਾਂਦਾ ਹੈ। ਐਕਸਾਈਜ਼ ਡਿਊਟੀ ਅਤੇ ਵੈਟ ਤੋਂ ਇਲਾਵਾ ਡੀਲਰ ਤੋਂ 33.54 ਰੁਪਏ ਵਸੂਲੇ ਜਾਂਦੇ ਹਨ। ਫਿਰ ਇਸ ਦੀ ਕੀਮਤ ਐਕਸਾਈਡ ਡਿਊਟੀ 32.90 ਰੁਪਏ, ਡੀਲਰ ਕਮਿਸ਼ਨ 3.69 ਰੁਪਏ ਤੇ ਵਾਧੂ ਵੈਟ 21.04 ਰੁਪਏ ਹੈ। ਇਸ ਸਥਿਤੀ ਵਿਚ ਪੈਟਰੋਲ ਦੀ ਕੀਮਤ 91.17 ਰੁਪਏ ਬਣ ਜਾਂਦੀ ਹੈ।

ਜੇ ਜੀਐਸਟੀ ਦੀ ਗੱਲ ਕਰੀਏ ਤਾਂ ਜੀਐਸਟੀ ਵਿਚ ਬਹੁਤ ਸਾਰੀਆਂ ਸਲੈਬ ਹਨ, ਜਿਸ ਦੇ ਅਧਾਰ ਤੇ ਟੈਕਸ ਲਾਇਆ ਜਾਂਦਾ ਹੈ।  ਜੇ ਸਿਰਫ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਡੀਲਰ ਬੇਸ ਦੀ ਕੀਮਤ 33.54 ਰੁਪਏ ਬਣਦੀ ਹੈ, ਜਿਸ 'ਤੇ 28 ਪ੍ਰਤੀਸ਼ਤ ਟੈਕਸ ਵੱਧ ਤੋਂ ਵੱਧ ਸਲੈਬ ਨਾਲ ਇਕੱਤਰ ਕੀਤਾ ਜਾਵੇ ਤਾਂ ਵੱਧ ਤੋਂ ਵੱਧ ਟੈਕਸ 9.3 ਰੁਪਏ ਦੇ ਕਰੀਬ ਬਣ ਜਾਂਦਾ ਹੈ। ਇਸ ਵਿਚ 3 ਰੁਪਏ ਡੀਲਰ ਕਮਿਸ਼ਨ ਜੋੜਣ ਤੋਂ ਬਾਅਦ ਇਸ ਦੀ ਕੀਮਤ ਲਗਭਗ 45.84 ਰੁਪਏ ਪ੍ਰਤੀ ਲੀਟਰ ਬਣਦੀ ਹੈ ਜੋ ਮੌਜੂਦ ਚੱਲ ਰਹੇ ਰੇਟ ਤੋਂ ਲਗਭਗ ਅੱਧੀ ਹੈ।