ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਜਾਰੀ, ਵਿਧਾਇਕ-ਮੰਤਰੀਆਂ-ਪ੍ਰੈੱਸ ਲਈ ਕੋਵਿਡ ਨੈਗੇਟਿਵ ਰਿਪੋਰਟ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ 3 ਆਰਡੀਨੈਂਸਾਂ ਵਿਰੁਧ ਸਰਕਾਰ ਖ਼ੁਦ ਪੇਸ਼ ਕਰੇਗੀ ਪ੍ਰਸਤਾਵ, ਸ਼ੋਮਣੀ ਅਕਾਲੀ ਦਲ ਸਦਨ ਵਿਚ ਜ਼ਰੂਰ ਜਾਏਗਾ : ਢਿੱਲੋਂ

Vidhan Sabha Session

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਕੋਪ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਸੈਸ਼ਨ 28 ਅਗੱਸਤ ਸ਼ੁਕਰਵਾਰ ਨੂੰ ਮਹਿਜ਼ ਇਕ-ਦੋ ਘੰਟਿਆਂ ਦਾ ਹੋਵੇਗਾ, ਜਿਸ ਵਿਚ ਸਵੇਰ ਦੀ ਬੈਠਕ ਵਿਚ ਮਰਹੂਮ ਨੇਤਾਵਾਂ, ਵਿਧਾਇਕਾਂ ਤੇ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ ਅਤੇ ਬਾਅਦ ਦੁਪਹਿਰ ਦੀ ਬੈਠਕ ਵਿਚ ਸਰਕਾਰੀ ਪ੍ਰਸਤਾਵ ਅਤੇ ਕੁੱਝ ਬਿੱਲ ਪਾਸ ਕੀਤੇ ਜਾਣਗੇ। ਇਨ੍ਹਾਂ ਬਿਲਾਂ ਵਿਚ ਇਕ ਗੁਰੂ ਤੇਗ਼ ਬਹਾਦਰ ਲਾਅ ਯੂਨੀਵਰਸਟੀ ਤਰਨ ਤਾਰਨ ਵਿਚ ਸਥਾਪਤ ਕਰਨ ਬਾਰੇ ਹੈ, ਜਿਸ ਦਾ ਫ਼ੈਸਲਾ ਅੱਜ ਦੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਲਿਆ ਗਿਆ।

ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ 21 ਅਗੱਸਤ ਨੂੰ ਆਇਆ ਕੇਂਦਰੀ ਆਰਡੀਨੈਂਸ ਵਿਰੁਧ ਨੋਟਿਸ ਨਿਯਮ 71 ਹੇਠ ਸੈਸ਼ਨ ਦੇ ਸ਼ੁਰੂ ਹੋਣ ਤੋਂ ਸਪੱਸ਼ਟ 7 ਕੰਮ-ਕਾਜੀ ਦਿਨਾਂ ਮੁਤਾਬਕ ਨਹੀਂ ਸੀ, ਜਿਸ ਕਰ ਕੇ ਰੱਦ ਕੀਤਾ ਗਿਆ ਹੈ।

ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਫ਼ਸਲਾਂ ਦੀ ਖ਼ਰੀਦ ਅਤੇ ਖੁਲ੍ਹੇ ਮੰਡੀ ਸਿਸਟਮ ਬਾਰੇ ਕੇਂਦਰੀ ਆਰਡੀਨੈਂਸਾਂ ਵਿਰੋਧ ਬਹਿਸ ਵਾਲਾ ਪ੍ਰਸਤਾਵ ਉਨ੍ਹਾਂ 20 ਅਗੱਸਤ ਨੂੰ ਵਿਧਾਨ ਸਭਾ ਸਕੱਤਰੇਤ ਨੂੰ ਦੇ ਦਿਤਾ ਸੀ। ਇਸ ਪ੍ਰਸਤਾਵ 'ਤੇ ਵੋਟਿੰਗ ਵੀ ਜ਼ਰੂਰੀ ਹੁੰਦੀ ਹੈ। ਸੂਤਰਾਂ ਨੇ ਦਸਿਆ ਕਿ ਸਰਕਾਰ ਖ਼ੁਦ ਯਾਨੀ 'ਮੁੱਖ ਮੰਤਰੀ ਰਾਹੀਂ ਜਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ' ਇਹੀ ਪ੍ਰਸਤਾਵ ਮੌਕੇ 'ਤੇ ਹੀ ਪੇਸ਼ ਕਰੇਗੀ ਅਤੇ ਇਨ੍ਹਾਂ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾ ਦੇਵੇਗੀ।

ਸਪੀਕਰ ਰਾਣਾ ਕੇ.ਪੀ. ਨੇ ਇਹ ਵੀ ਦਸਿਆ ਕਿ ਅਕਾਲੀ ਦਲ ਨੂੰ ਛੱਡ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਦੀ ਵਿਧਾਨ ਸਭਾ ਵਿਚ ਸੀਟ ਵਖਰੀ ਉਦੋਂ ਤਕ ਨਹੀਂ ਲੱਗ ਸਕਦੀ ਜਦ ਤਕ ਉਹ ਪਾਰਟੀ ਦੇ ਨੇਤਾ ਸ਼ਰਨਜੀਤ ਢਿੱਲੋਂ, ਲਿਖਤੀ ਰੂਪ ਵਿਚ ਵਿਧਾਨ ਸਭਾ ਸਕੱਤਰੇਤ ਨੂੰ ਨਹੀਂ ਲਿਖਦੇ। ਉਨ੍ਹਾਂ ਕਿਹਾ ਕਿ ਸ਼ਰਨਜੀਤ ਢਿੱਲੋਂ ਨੂੰ ਪਿਛਲੇ ਦਿਨੀਂ ਲਿਖੀਆਂ ਦੋਨੋਂ ਚਿੱਠੀਆਂ ਦਾ ਜਵਾਬ ਉਨ੍ਹਾਂ ਨਹੀਂ ਦਿਤਾ।

ਪਰਮਿੰਦਰ ਢੀਂਡਸਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਹ ਸਪੀਕਰ ਨੂੰ ਭਲਕੇ ਜਾਤੀ ਤੌਰ 'ਤੇ ਮਿਲ ਕੇ ਅਪਣੇ ਪ੍ਰਸਤਾਵ ਅਤੇ ਸੀਟ ਸਬੰਧੀ ਹਾਲਤ ਸਪੱਸ਼ਟ ਕਰਨਗੇ ਅਤੇ ਇਹ ਵੀ ਅੰਤਮ ਫ਼ੈਸਲਾ ਲੈਣਗੇ ਕਿ ਇਜਲਾਸ ਦੌਰਾਨ ਹਾਜ਼ਰੀ ਭਰੀ ਜਾਵੇ ਜਾਂ ਬਾਹਰ ਹੀ ਰੋਸ ਪ੍ਰਗਟ ਕੀਤਾ ਜਾਵੇ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਵਾਲੀ ਸੂਚੀ ਵਿਚ ਵਿੱਤ ਮੰਤਰੀ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਹਰੀ ਸਿੰਘ ਜ਼ੀਰਾ ਦੇ ਨਾਂ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।