ਅਕਾਲੀ ਦਲ ਨੇ ਲੋਕਾਂ 'ਚ ਅਪਣੀ ਸਾਖ ਗਵਾਈ :  ਤ੍ਰਿਪਤ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਹਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਲੋਕਾਂ ਵਿਚ ਅਪਣੀ ਸ਼ਾਖ ਪੂਰੀ ਤਰ੍ਹਾਂ ਗਵਾ ਚੁੱਕੇ ਹਨ। ਸੂਬੇ ਦੇ ਲੋਕ ...

Tript Bajwa

ਬਟਾਲਾ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਹਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਲੋਕਾਂ ਵਿਚ ਅਪਣੀ ਸ਼ਾਖ ਪੂਰੀ ਤਰ੍ਹਾਂ ਗਵਾ ਚੁੱਕੇ ਹਨ। ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਦਸ ਸਾਲ ਦੇ ਕੁਸਾਸ਼ਨ ਦੌਰਾਨ ਹੰਢਾਏ ਦੁੱਖਾਂ ਅਤੇ ਪਰੇਸ਼ਾਨੀ ਨੂੰ ਭੁਲਣਾ ਨਹੀਂ ਚਾਹੁੰਦੇ ਅਤੇ ਨਾ ਹੀ ਉਹ ਇਨ੍ਹਾਂ ਨੂੰ ਮੁਆਫ ਕਰਨਾ ਚਾਹੁੰਦੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਾਹਕੋਟ ਦੀ ਉੱਪ-ਚੋਣ 'ਚ ਕਾਂਗਰਸ ਪਾਰਟੀ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੀਤਾ। 

ਸ. ਬਾਜਵਾ ਨੇ ਇਸ ਨਤੀਜੇ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਫਤਵਾ ਦਸਦੇ ਹੋਏ ਕਿਹਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਾ-ਪੱਖੀ, ਫੁੱਟ ਪਾਊ ਤੇ ਘਿਰਣਾਮਈ ਸਿਆਸਤ ਨੂੰ ਰੱਦ ਕਰ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿਤਾ ਹੈ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਮੁੱਚੇ ਦੇਸ਼ ਵਿਚ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਹੈ।

ਇਸ ਨਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਲੋਕਾਂ ਦੇ ਮਿਜ਼ਾਜ ਦਾ ਸਪੱਸ਼ਟ ਝਲਕਾਰਾ ਮਿਲਦਾ ਹੈ ਅਤੇ ਇਹ ਪਤਾ ਲਗਦਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਸੱਤਾ ਵਿਚ ਵਾਪਸ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਸ. ਬਾਜਵਾ ਨੇ ਕਿਹਾ ਕਿ ਜਿਥੋਂ ਤਕ ਆਮ ਆਦਮੀ ਪਾਰਟੀ ਦਾ ਸਬੰਧ ਹੈ

, ਮੁਲਕ ਦੇ ਸਿਆਸੀ ਪਿੜ ਵਿੱਚ ਇਸ ਪਾਰਟੀ ਦਾ ਕੋਈ ਵਜੂਦ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਚੋਣ ਨਤੀਜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੀਆਂ ਨੌਟੰਕੀਆਂ ਤੇ ਚਾਲਬਾਜ਼ੀਆਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਿਚ ਨਾਕਾਮ ਸਾਬਤ ਹੋਈਆਂ ਹਨ।