ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਚੁੱਕਣ ਕੈਪਟਨ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸਿੱਖਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਦੀ ਥਾਂ ਬਾਦਲ ਪਰਿਵਾਰ ਨੇ ਹਮੇਸ਼ਾ ਪਿੱਠ ਵਿਖਾਈ ਹੈ

Shillong Sikhs

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਲਾਂਗ (ਮੇਘਾਲਿਆ) ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਚੁੱਕਣ ਤਾਂ ਕਿ 200 ਸਾਲ ਤੋਂ ਉੱਥੇ ਵੱਸ ਰਹੇ ਪੰਜਾਬੀ ਪਰਿਵਾਰਾਂ 'ਤੇ ਲਟਕ ਰਹੀ ਉਜਾੜੇ ਦੀ ਤਲਵਾਰ ਹਟ ਸਕੇ। ਇਹ ਮੰਗ ਵਿਰੋਧੀ ਧਿਰ ਨੇਤਾ ਅਤੇ ਆਮ ਆਮਦੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤੀ।

ਪ੍ਰੈਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਮੋਦੀ ਸਰਕਾਰ ਖ਼ੁਦ ਹੀ ਮੇਘਾਲਿਆ ਸਰਕਾਰ ਨਾਲ ਖ਼ੁਦ ਹੀ ਗੱਲ ਕਰ ਲੈਂਦੀ, ਪਰ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਮੋਦੀ ਸਰਕਾਰ ਦਾ ਅਜਿਹਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਨਿੰਦਣਯੋਗ ਹੈ। ਜਦਕਿ ਇਹ ਮਾਮਲਾ 3 ਦਿਨਾਂ ਤੋਂ ਦੁਬਾਰਾ ਭੜਕਿਆ ਹੋਇਆ ਹੈ, ਕਿਉਂਕਿ ਸਿਲਾਂਗ ਦੀ ਪੰਜਾਬੀ ਲੇਨ 'ਚ ਪਿਛਲੇ 200 ਸਾਲਾਂ ਤੋਂ ਵੱਸ ਰਹੇ ਪੰਜਾਬੀ ਪਰਿਵਾਰ ਨੂੰ ਲੰਘੀ ਸ਼ੁੱਕਰਵਾਰ ਨੂੰ ਸਿਲਾਂਗ ਮਿਉਂਸਪਲ ਬੋਰਡ ਵੱਲੋਂ ਕਾਨੂੰਨੀ ਨੋਟਿਸ ਜਾਰੀ ਕਰ ਕੇ ਸੈਂਕੜੇ ਪਰਿਵਾਰਾਂ ਉੱਤੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਗਈ ਹੈ ਅਤੇ ਸਬੰਧਤ ਈਸਟ ਖਾਸੀ ਹਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਲੇਨ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਹਰਪਾਲ ਸਿੰਘ ਚੀਮਾ ਨੇ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਸਦਿਆਂ ਕਿਹਾ ਕਿ ਖ਼ੁਦ ਨੂੰ ਪੰਜਾਬੀਆਂ ਦਾ ਮਸੀਹਾ ਕਹਾਉਣ ਵਾਲਾ ਇਹ ਟੱਬਰ ਉਦੋਂ ਗੁੰਗਾ-ਬਹਿਰਾ ਬਣ ਜਾਂਦਾ ਹੈ ਜਦ ਕਦੇ ਵੀ ਦੇਸ਼-ਪ੍ਰਦੇਸ਼ 'ਚ ਵੱਸਦੇ ਪੰਜਾਬੀਆਂ 'ਤੇ ਭੀੜ ਪੈਂਦੀ ਹੈ। ਸਿਲਾਂਗ ਦੇ ਪੰਜਾਬੀਆਂ ਤੋਂ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਸਮੇਤ ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਬਾਦਲ ਪਰਿਵਾਰ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪਿੱਠ ਵਿਖਾਈ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਸਦ ਦੇ ਪਹਿਲੇ ਸੈਸ਼ਨ 'ਚ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਹ ਮਸਲਾ ਉਠਾਉਣਗੇ ਅਤੇ ਪਾਰਟੀ ਦਾ ਵਫ਼ਦ ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਅਤੇ ਮਈ 2018 ਵਾਂਗ ਪੰਜਾਬ ਸਰਕਾਰ ਦਾ ਇੱਕ ਉੱਚ ਪੱਧਰੀ ਵਫ਼ਦ ਮੇਘਾਲਿਆ ਜਾ ਕੇ ਉੱਥੋਂ ਦੀ ਸੂਬਾ ਸਰਕਾਰ ਨਾਲ ਗੱਲ ਕਰ ਕੇ ਉੱਥੇ 200 ਸਾਲਾਂ ਤੋਂ ਵੱਸਦੇ ਪੰਜਾਬੀਆਂ ਦੀ ਉੱਥੇ ਹੀ ਸਹੀ-ਸਲਾਮਤੀ ਯਕੀਨੀ ਬਣਾਏ।