ਕਰਜ਼ੇ ਤੋਂ ਪ੍ਰੇਸ਼ਾਨ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਲਫਾਸ ਖਾ ਕੇ ਦਿਤੀ ਜਾਨ 

Balkar Singh (file pic)

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਕਰਜ਼ੇ ਤੋਂ ਤੰਗ ਆ ਕੇ ਇਕ ਨੌਜੁਆਨ ਵਲੋਂ ਖ਼ੁਦਕੁਸ਼ੀ ਕੀਤੇ ਜਾਨ ਦੀ ਜਾਣਕਾਰੀ ਮਿਲੀ ਹੈ। ਪ੍ਰਵਾਰਕ ਮੈਂਬਰਾਂ ਵਲੋਂ ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। 

ਮ੍ਰਿਤਕ ਦੀ ਪਛਾਣ 25 ਸਾਲਾ ਬਲਕਾਰ ਸਿੰਘ ਪੁੱਤਰ ਮਰਹੂਮ ਪਰਮਜੀਤ ਸਿੰਘ ਵਾਸੀ ਪਿੰਡ ਭੰਡਾਲ ਬੇਟ ਵਜੋਂ ਹੋਈ ਹੈ। ਮ੍ਰਿਤਕ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਥਾਣਾ ਢਿਲਵਾਂ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਉਹ ਤਿੰਨ ਭਰਾ ਹਨ। ਛੋਟੇ ਹੁੰਦਿਆਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦਾ ਛੋਟਾ ਭਰਾ ਬਲਕਾਰ ਸਿੰਘ ਅਣਵਿਆਹਿਆ ਸੀ ।

ਉਨ੍ਹਾਂ ਦਸਿਆ ਕਿ ਕੁਝ ਮਹੀਨੇ ਪਹਿਲਾਂ ਬਲਕਾਰ ਸਿੰਘ ਨੇ ਜੂਸ ਦੀ ਦੁਕਾਨ ਖੋਲ੍ਹੀ ਹੋਈ ਸੀ ਤੇ ਦੁਕਾਨ ਲਈ ਮਸ਼ੀਨਾਂ ਅਤੇ ਨਵੀਂ ਮੋਟਰਸਾਈਕਲ ਲੋਨ 'ਤੇ ਲਈ ਸੀ। ਦੁਕਾਨ ਨਾ ਚੱਲਣ ਕਾਰਨ ਹੌਲੀ-ਹੌਲੀ ਕਰਜ਼ੇ ਦੀਆਂ ਕਿਸ਼ਤਾਂ ਵਧਣ ਲੱਗੀਆਂ ਅਤੇ ਉਸ ਨੂੰ ਕਿਸ਼ਤ ਨਾ ਭਰਨ ਦੀ ਚਿੰਤਾ ਸਤਾਉਣ ਲੱਗੀ। ਹਾਲਾਂਕਿ ਮੈਂ ਅਤੇ ਮੇਰੇ ਦੂਜੇ ਭਰਾ ਨੇ ਇਸ ਨੂੰ ਹੱਲਾਸ਼ੇਰੀ ਦਿਤੀ ਕਿ ਉਹ ਉਸ ਦੀ ਆਰਥਿਕ ਮਦਦ ਕਰਨਗੇ।

ਇਹ ਵੀ ਪੜ੍ਹੋ:  ਪੰਜਾਬ ਦੇ ਖ਼ਜ਼ਾਨੇ 'ਚੋਂ ਨਹੀਂ ਦਿਤੇ ਜਾਣਗੇ UP ਦੇ ਗੈਂਗਸਟਰ ਅੰਸਾਰੀ 'ਤੇ ਖ਼ਰਚੇ 55 ਲੱਖ ਰੁਪਏ : ਮੁੱਖ ਮੰਤਰੀ ਭਗਵੰਤ ਮਾਨ 

ਅਕਸਰ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਿਆਂ ਬੀਤੀ ਸ਼ਾਮ ਉਹ  ਦੁਕਾਨ ਤੋਂ ਵਾਪਸ ਆਇਆ ਤਾਂ ਉਸ ਨੂੰ ਉਲਟੀਆਂ ਆਉਣ ਲੱਗੀਆਂ।ਪੁੱਛਣ 'ਤੇ ਉਸ ਨੇ ਦਸਿਆ ਕਿ ਉਸ ਨੇ ਕਰਜ਼ੇ ਦੀਆਂ ਦੇਣਦਾਰੀਆਂ ਤੋਂ ਤੰਗ ਆ ਕੇ ਸਲਫਾਸ ਖਾ ਲਈ ਹੈ। ਪ੍ਰਵਾਰ ਵਲੋਂ ਉਸ ਨੂੰ ਤੁਰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਜਿਥੇ ਇਲਾਜ ਦੌਰਾਨ ਬਲਕਾਰ ਸਿੰਘ ਦੀ ਮੌਤ ਹੋ ਗਈ ਹੈ। 

ਥਾਣਾ ਢਿੱਲਵਾਂ ਦੇ ਜਾਂਚ ਅਧਿਕਾਰੀ ਮੂਰਤਾ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਭੰਡਾਲ ਬੇਟ ਦੇ ਨੌਜਵਾਨ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਤੁਰਤ ਮੌਕੇ 'ਤੇ ਪਹੁੰਚ ਕੇ ਮੁੱਢਲੀ ਜਾਂਚ ਆਰੰਭ ਕਰ ਦਿਤੀ  ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ  ਵਾਰਸਾਂ ਨੂੰ ਸੌਂਪ ਦਿਤੀ ਹੈ।