ਅਮਰਿੰਦਰ ਸਿੰਘ 'ਪੰਜਾਬ ਦਾ ਕਪਤਾਨ' ਦੇ ਰੌਂਅ 'ਚ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਮਰਿੰਦਰ ਸਿੰਘ ਦੀ ਕਮਾਨ ਹੇਠ 'ਪੰਜਾਬ ਦਾ ਕਪਤਾਨ' ਦਾ ਨਾਹਰਾ ਦੇ ਕੇ ਲੜੀਆਂ ਸਨ...............

Captain Amarinder Singh

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਮਰਿੰਦਰ ਸਿੰਘ ਦੀ ਕਮਾਨ ਹੇਠ 'ਪੰਜਾਬ ਦਾ ਕਪਤਾਨ' ਦਾ ਨਾਹਰਾ ਦੇ ਕੇ ਲੜੀਆਂ ਸਨ। ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਭਰੋਸਾ ਕਰ ਕੇ ਅਤੇ ਅਮਰਿੰਦਰ ਸਿੰਘ ਦੀ 2002 ਤੋਂ 2007 ਤਕ ਡੰਕੇ 'ਤੇ ਚਲਾਈ ਸਰਕਾਰ ਦੇ ਦਿਨ ਚੇਤੇ ਕਰਦਿਆਂ ਇਸ ਵਾਰ ਵੀ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਅ ਦਿਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਪ੍ਰਸ਼ਾਸਨਿਕ ਸ਼ੈਲੀ 'ਤੇ ਚਾਹੇ ਸਵਾਲ ਖੜੇ ਹੋ ਰਹੇ ਹੋਣ ਪਰ ਉਨ੍ਹਾਂ ਵਲੋਂ ਪੰਜਾਬ ਦੇ ਹੱਕਾਂ ਲਈ ਦਿਤੇ ਜਾ ਰਹੇ ਪਹਿਰੇ 'ਤੇ ਕਪਤਾਨੀ ਰੋਅਬ ਜ਼ਰੂਰ ਕਾਇਮ ਕਰ ਦਿਤਾ ਹੈ।

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਕੇਂਦਰ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ ਦੇ ਦਿਤੀ ਸੀ ਅਤੇ ਕਾਰਜਕਾਲ ਦੇ ਦਸ ਸਾਲ ਚੰਡੀਗੜ੍ਹ ਬਾਰੇ ਵੀ ਘੇਸਲ ਵੱਟੀ ਰੱਖੀ ਸੀ। ਇਸ ਦੇ ਉਲਟ, ਅਮਰਿੰਦਰ ਸਿੰਘ ਨੇ ਪੰਜਾਬ ਦੇ ਹੱਕ 'ਚ ਡਟਣ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਨੂੰ ਜੂਨ ਵਿਚ ਇਕ ਪੱਤਰ ਲਿਖ ਕੇ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਸੈਨੇਟ ਵਿਚੋਂ ਪੰਜਾਬ ਦੇ ਮੁੱਖ ਮੰਤਰੀ, ਸਿਖਿਆ ਮੰਤਰੀ ਅਤੇ ਦੋ ਵਿਧਾਇਕਾਂ ਨੂੰ (ਸਰਕਾਰੀ ਅਹੁਦੇ ਕਰ ਕੇ ਨਾਮਜ਼ਦ) ਮਨਫ਼ੀ ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰ ਦਿਤਾ ਸੀ।

ਇਹ ਵਖਰੀ ਗੱਲ ਹੈ ਕਿ ਪ੍ਰਸਤਾਵ ਪ੍ਰਵਾਨਗੀ ਲਈ ਸਿੰਡੀਕੇਟ ਵਿਚ ਜਾਣ ਤੋਂ ਰਹਿ ਗਿਆ।  ਉਸ ਤੋਂ ਬਾਅਦ ਚੰਡੀਗੜ੍ਹ ਵਿਚ ਕਰਵਾਏ ਇਕ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਉਤੇ ਪੰਜਾਬ ਦਾ ਹੱਕ ਮੁੜ ਤੋਂ ਜ਼ੋਰ ਨਾਲ ਦੁਹਰਾਇਆ। ਇਸ ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਕੈਪਟਨ ਅਮਰਿੰਦਰ ਸਿੰਘ ਨੇ ਖੱਟਰ ਦੀ ਹਾਜ਼ਰੀ ਵਿਚ ਹੀ ਉਨ੍ਹਾਂ ਵਲੋਂ ਪੰਜਾਬ ਲਈ ਨਿਊ ਚੰਡੀਗੜ੍ਹ ਵਿਚ ਅਪਣੀ ਰਾਜਧਾਨੀ ਬਣਾਉਣ ਦੀ ਪੇਸ਼ਕਸ਼ ਰੱਦ ਕਰ ਦਿਤੀ ਸੀ।

ਉਨ੍ਹਾਂ ਨੇ ਸਪੱਸ਼ਟ ਕਰ ਦਿਤਾ ਸੀ ਕਿ ਪੰਜਾਬ ਰਾਜਧਾਨੀ ਤੋਂ ਬਿਨਾਂ ਇਕੱਲਾ ਸੂਬਾ ਹੋਣ ਕਰ ਕੇ ਇਸ ਦਾ ਚੰਡੀਗੜ੍ਹ 'ਤੇ ਇਤਿਹਾਸਕ ਹੱਕ ਹੈ। ਪਿਛਲੇ ਸਮੇਂ ਵਿਚ ਵੱਖ ਵੱਖ ਹੋਏ ਸਮਝੌਤਿਆਂ ਵਿਚ ਚੰਡੀਗੜ੍ਹ ਪੰਜਾਬ ਨੂੰ ਦਿਤਾ ਗਿਆ ਸੀ ਪਰ ਬਦਕਿਸਮਤੀ ਇਹ ਕਿ ਇਸ ਨੂੰ ਅਮਲੀ ਰੂਪ ਨਹੀਂ ਦਿਤਾ ਜਾ ਸਕਿਆ। ਉਨ੍ਹਾਂ ਨੇ ਖੁਲ੍ਹਦਿਲੀ ਵਿਖਾਉਂਦਿਆਂ ਹਰਿਆਣੇ ਨੂੰ ਨਵੇਂ ਸੂਬੇ ਦੇ ਤੌਰ 'ਤੇ ਰਾਜਧਾਨੀ ਸਥਾਪਤ ਕਰਨ ਲਈ ਵਿੱਤੀ ਮਦਦ ਦੇਣ ਦੀ ਹਮਾਇਤ ਕਰ ਦਿਤੀ ਸੀ। ਉਨ੍ਹਾਂ ਨੇ ਦੋਹਾਂ ਰਾਜਾਂ ਦਰਮਿਆਨ ਚਲ ਰਹੇ ਪਾਣੀ ਦੇ ਝਗੜੇ ਹੱਲ ਕਰਨ ਲਈ ਵੀ ਜ਼ੋਰ ਦਿਤਾ ਸੀ।

ਕੈਪਟਨ ਨੇ ਉਸ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੰਜਾਬ ਯੂਨੀਵਰਸਿਟੀ ਨਾਲ ਮੁੜ ਤੋਂ ਮੰਗ ਕਰਨ ਤੋਂ ਵਰਜ ਦਿਤਾ ਸੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿਤਾ ਸੀ ਕਿ ਪੰਜਾਬ ਨਾਲੋਂ ਹਰਿਆਣਾ ਅਪਣੀ ਮਰਜ਼ੀ ਨਾਲ ਵੱਖ ਹੋਇਆ ਹੈ ਅਤੇ ਦੁਬਾਰਾ ਤੋਂ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਆਗਿਆ ਨਹੀਂ ਦਿਤੀ ਜਾ ਸਕਦੀ ਅਤੇ ਨਾ ਹੀ ਸੈਨੇਟ ਵਿਚ ਪ੍ਰਤੀਨਿਧਤਾ। 

ਹੋਰ ਤਾਂ ਹੋਰ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਾਂਡ ਦੇ ਦੋਸ਼ੀਆਂ ਨੂੰ ਜੇਲ 'ਚ ਡੱਕ ਕੇ ਅਕਾਲੀਆਂ ਤੋਂ ਪੰਥਕ ਮੁੱਦੇ ਖੋਹ ਕੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਅਲੱਗ-ਥਲੱਗ ਕਰਨ ਦੀ ਚਰਚਾ ਛੇੜ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਬੁਲਾਰਾ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਨਾਲ ਧੋਖਾ ਕਰਦੀ ਆਈ ਹੈ ਅਤੇ ਕੈਪਟਨ ਦੀ ਬਿਆਨਬਾਜ਼ੀ ਨਿਰਾ ਡਰਾਮਾ ਹੈ। ਉਨ੍ਹਾਂ ਨੇ ਕਾਂਗਰਸ 'ਤੇ ਲੋਂਗੋਵਾਲ ਸਮਝੌਤੇ ਤੋਂ ਮੁਕਰਨ ਸਮੇਤ ਵਾਰ ਵਾਰ ਸਟੈਂਡ ਬਦਲਣ ਦੇ ਦੋਸ਼ ਲਾਏ ਹਨ।