25 ਸਿੱਖ ਅਫ਼ਗ਼ਾਨੀ ਪਰਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲ ਫ਼ਰਿਆਦ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੁਧਿਆਣਾ ਵਿਚ ਰਹਿੰਦੇ 25 ਸਿੱਖ ਅਫ਼ਗ਼ਾਨਿਸਤਾਨੀ ਪਰਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਫ਼ਰਿਆਦ ਕੀਤੀ ਹੈ.............

Sikhs

ਲੁਧਿਆਣਾ : ਲੁਧਿਆਣਾ ਵਿਚ ਰਹਿੰਦੇ 25 ਸਿੱਖ ਅਫ਼ਗ਼ਾਨਿਸਤਾਨੀ ਪਰਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਫ਼ਰਿਆਦ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੀ ਮਦਦ ਨਾਲ ਸਾਨੂੰ ਭਾਰਤੀ ਨਾਗਰਿਕਤਾ ਦਿਵਾਉਣ ਤਾਕਿ ਅਸੀਂ ਅਪਣੇ ਅੰਤਮ ਦਿਨ ਇਸੇ ਧਰਤੀ 'ਤੇ ਕੱਟੀਏ। ਇਨ੍ਹਾਂ ਪਰਵਾਰਾਂ ਦਾ ਕਹਿਣਾ ਹੈ ਕਿ ਹੁਣ ਸਿੱਖਾਂ ਦਾ ਅਫ਼ਗ਼ਾਨਿਸਤਾਨ ਵਿਚ ਰਹਿਣ ਦਾ ਕੋਈ ਹੱਕ ਨਹੀਂ ਕਿਉਂਕਿ ਉਨ੍ਹਾਂ ਉਪਰ ਆਏ ਦਿਨ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਇਹ ਸਿੱਖ ਪਰਵਾਰ ਕਾਫ਼ੀ ਸਮੇਂ ਤੋਂ ਇਥੇ ਰਹਿ ਰਹੇ ਹਨ।

ਇਹ ਉਦੋਂ ਇਥੇ ਆ ਗਏ ਸਨ ਜਦੋਂ ਉਨ੍ਹਾਂ 'ਤੇ ਨਾ ਕੇਵਲ ਇਸਲਾਮ ਧਰਮ ਦਾ ਜ਼ਿਆਦਾ ਜ਼ੋਰ ਪਾਇਆ ਜਾਣ ਲੱਗਾ ਸੀ ਸਗੋਂ ਉਹ ਲੋਕ ਸਿੱਖ ਪਰਵਾਰਾਂ ਨੂੰ ਅਪਣੀਆਂ ਧੀਆਂ ਵੀ ਉਨ੍ਹਾਂ ਦੇ ਹਵਾਲੇ ਕਰਨ ਲਈ ਧਮਕੀਆਂ ਦਿੰਦੇ ਰਹਿੰਦੇ ਸਨ। ਸਿੱਖ ਔਰਤਾਂ ਅਤੇ ਲੜਕੀਆਂ ਉਥੇ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਸਨ ਕਰਦੀਆਂ। ਇਹ ਵੀ ਦਸਿਆ ਗਿਆ ਹੈ ਕਿ ਅਸਲ ਵਿਚ ਉਦੋਂ ਇਕੱਠੇ 40 ਸਿੱਖ ਅਫ਼ਗ਼ਾਨੀ ਪਰਵਾਰ ਲੁਧਿਆਣਾ ਆ ਗਏ ਸਨ ਅਤੇ ਇਥੇ ਨਿੱਕੇ ਨਿੱਕੇ ਕੰਮ ਕਰ ਕੇ ਅਪਣਾ ਜੀਵਨ ਬਸਰ ਕਰਨ ਲੱਗੇ ਸਨ ਪਰ ਹੌਲੀ ਹੌਲੀ ਇਨ੍ਹਾਂ ਵਿਚੋਂ ਕੁੱਝ ਪਰਵਾਰ ਅਫ਼ਗ਼ਾਨਿਸਤਾਨ ਚਲੇ ਗਏ ਅਤੇ ਇਥੇ 25 ਪਰਵਾਰ ਪਿੱਛੇ ਰਹਿ ਗਏ।

ਇਨ੍ਹਾਂ ਵਿਚੋਂ ਇਕ ਪਰਵਾਰ ਦਾ ਮੁਖੀ ਆਟੋ ਰਿਕਸ਼ਾ ਚਲਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਕਾਬੁਲ ਵਿਚ ਉਸ ਦਾ ਕਾਰੋਬਾਰ ਬੜਾ ਵਧੀਆ ਸੀ ਪਰ ਹੁਣ ਉਸ ਨੂੰ ਦੋ ਵੇਲੇ ਦੀ ਰੋਟੀ ਲਈ ਮਿਹਨਤ ਮੁਸ਼ਕਤ ਕਰਨੀ ਪੈ ਰਹੀ ਹੈ। ਲੁਧਿਆਣਾ ਵਿਚ ਰਹਿੰਦੇ ਇਨ੍ਹਾਂ 25 ਸਿੱਖ ਅਫ਼ਗ਼ਾਨੀ ਪਰਵਾਰਾਂ ਦੀ ਉਦੋਂ ਤੋਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਮਾਲੀ ਸਹਾਇਤਾ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਕਮੇਟੀ ਤਾਂ ਇਨ੍ਹਾਂ ਦੀ ਮਦਦ ਕਰ ਰਹੀ ਹੈ, ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।