ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲਈ ‘ਆਪ’ ਵੱਲੋਂ ਤਿਆਰੀਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭ੍ਰਿਸ਼ਟਾਚਾਰ ਮੁਕਤ ਚੰਡੀਗੜ੍ਹ, ਲੋਕਾਂ ਅਤੇ ਪਿੰਡਾਂ ਦੇ ਵਿਕਾਸਮੁਖੀ ਮੁੱਦਿਆਂ ’ਤੇ ਲੜੀਆ ਜਾਣਗੀਆਂ ਚੋਣਾਂ: ਜਰਨੈਲ ਸਿੰਘ

AAP starts preparations for Chandigarh Municipal Corporation elections

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੰਬੰਧੀ ‘ਆਪ’ ਚੰਡੀਗੜ੍ਹ ਮਾਮਲਿਆਂ ਬਾਰੇ ਇਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਪਾਰਟੀ ਦਫ਼ਤਰ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਮੈਰਾਥਨ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ, ਪ੍ਰਧਾਨ ਪ੍ਰੇਮ ਗਰਗ ਅਤੇ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਵੀ ਮੌਜ਼ੂਦ ਸਨ।

ਹੋਰ ਪੜ੍ਹੋ: ਮਹਿੰਗਾਈ ਖ਼ਿਲਾਫ਼ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੀਤੀ ਨਾਅਰੇਬਾਜ਼ੀ

ਵੀਰਵਾਰ ਨੂੰ ਜਾਰੀ ਬਿਆਨ ਰਾਹੀਂ ਜਰਨੈਲ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਨਗਰ ਨਿਗਮ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜ ਰਹੀ ਹੈ। ਇਸ ਕਰਕੇ ਪਾਰਟੀ ਲੀਡਰਸ਼ਿਪ ਨੇ ਵਾਰਡ ਪੱਧਰ ਦੇ ਆਗੂਆਂ ਨਾਲ ਵਿਚਾਰ- ਚਰਚਾ ਕੀਤੀ ਅਤੇ ਪਾਰਟੀ ਨੂੰ ਰਚਨਾਤਮਿਕ ਤੌਰ ’ਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਹੈ। ਮੀਟਿੰਗ ਦੌਰਾਨ ਵਾਰਡ ਪੱਧਰ ਦੀਆਂ ਸਮੱਸਿਆਵਾਂ ਨੂੰ ਵੀ ਕਲਮਬੱਧ ਕੀਤਾ ਗਿਆ। ਜਰਨੈਲ ਸਿੰਘ ਨੇ ਕਿਹਾ ਕਿ ਨਿਗਮ ਦੀਆਂ ਚੋਣਾਂ ਭ੍ਰਿਸ਼ਟਾਚਾਰ ਮੁਕਤ ਚੰਡੀਗੜ੍ਹ, ਲੋਕਾਂ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਆਧਾਰ ’ਤੇ ਅਤੇ ਸਮੱਸਿਆਵਾਂ ਦੇ ਹੱਲ ਸਮੇਤ ਸਿਟੀ ਬਿਊਟੀਫੁਲ ਦੀ ਖ਼ੂਬਸੂਰਤੀ ਬਹਾਲ ਕਰਨ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ।    

ਹੋਰ ਪੜ੍ਹੋ: ਅੰਤਰਰਾਸ਼ਟਰੀ ਯਾਤਰੀਆਂ ਨੂੰ ਟੀਕਾਕਰਣ ਨਿਯਮਾਂ ਵਿਚ ਦਿੱਤੀ ਢਿੱਲ

‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਨੇ ਕਿਹਾ ਕਿ ਦੇਸ਼ ਦਾ ‘ਖ਼ੂਬਸੂਰਤ ਸ਼ਹਿਰ ਚੰਡੀਗੜ੍ਹ’ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਕਾਰਨ ਬਦਸੂਰਤ ਸ਼ਹਿਰ ਬਣ ਗਿਆ ਹੈ। ਨਗਰ ਨਿਗਮ ’ਤੇ ਕਾਬਜ ਪਾਰਟੀਆਂ ਨੇ ਚੰਡੀਗੜ੍ਹ ਨੂੰ ਜ਼ਮਾਨੇ ਦੀ ਤਰੱਕੀ ਨਾਲ ਅੱਗੇ ਨਹੀਂ ਵਧਾਇਆ, ਸਗੋਂ ਪਰਿਵਾਰਵਾਦ ਦੇ ਰਾਜ ’ਚ ਡੋਬ ਦਿੱਤਾ ਹੈ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪ੍ਰ੍ਰੇਮ ਗਰਗ ਨੇ ਕਿਹਾ ਕਿ ਚੰਡੀਗੜ੍ਹ ਦੇ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰ ਲੈਣ ਦੇ ਬਾਵਜੂਦ ਪਿੰਡਾਂ ਵਿੱਚ ਚੰਗੀਆਂ ਸਹੂਲਤਾਂ ਨਹੀਂ ਪਹੁੰਚੀਆਂ।

ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਜਤਾਈ ਚਿੰਤਾ: ਮੀਡੀਆ ਦਾ ਇਕ ਹਿੱਸਾ ਹਰ ਘਟਨਾ ਨੂੰ ਫਿਰਕੂ ਰੰਗਤ ਦੇ ਰਿਹਾ ਹੈ

ਪਿੰਡਾਂ ਨੂੰ ਨਿਗਮ ’ਚ ਸ਼ਾਮਲ ਕਰਕੇ ਬਣਾਏ ਨਵੇਂ ਵਾਰਡਾਂ ਵਿੱਚ ਜਨ ਸੇਵਾਵਾਂ ਦੀ ਘਾਟ, ਪੀਣ ਵਾਲੇ ਪਾਣੀ ਦੀ ਸੁਚੱਜੀ ਸਪਲਾਈ ਅਤੇ ਸੜਕਾਂ ਦੇ ਨਿਰਮਾਣ ਦੀ ਵੱਡੀ ਘਾਟ ਹੈ। ਚੋਣ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਲੀ ਵਿਚਲੇ ਕੇਜਰੀਵਾਲ ਮਾਡਲ ਦੀ ਜਾਣਕਾਰੀ ਦੇਵੇਗੀ ਅਤੇ ਦਿੱਲੀ ਦੀ ਤਰਜ਼ ’ਤੇ ਹੀ ਚੰਡੀਗੜ੍ਹ ਵਿੱਚ ਸਹੂਲਤਾਂ ਪ੍ਰਦਾਨ ਕਰੇਗੀ।  ਇਸ ਮੌਕੇ ਯੂਥ ਆਗੂ ਦਿਨੇਸ਼ ਦਲੇਰ , ਵਿਕਰਮ ਪੁਡੀਰ ਅਤੇ ਹੋਰ ਆਗੂ ਵੀ ਹਾਜ਼ਰ ਸਨ।