ਨਹੁੰ-ਮਾਸ ਦੇ ਰਿਸ਼ਤੇ 'ਚ ਪਈਆਂ ਤਰੇੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਹਾਈਕਮਾਨ ਨਾਲ ਵੀ ਬੈਠਕਾਂ ਹੋਈਆਂ, ਪਰ ਗਠਜੋੜ ਦੀ ਗੱਲ ਨਾ ਬਣੀ

Haryana polls: BJP turns down alliance with SAD

ਚੰਡੀਗੜ੍ਹ : ਅਕਾਲੀ ਦਲ-ਭਾਜਪਾ ਦੇ ਨਹੁੰ ਮਾਸ ਦੇ ਰਿਸ਼ਤੇ 'ਚ ਤਰੇੜਾਂ ਆਉਣਗੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਭਾਵੇਂ ਹਰਿਆਣਾ 'ਚ ਭਾਜਪਾ ਵਲੋਂ ਕੀਤੀ ਗਈ ਹੈ ਪਰ ਇਸ ਦਾ ਅਸਰ ਭਵਿੱਖ 'ਚ ਪੰਜਾਬ ਅਤੇ ਦਿੱਲੀ 'ਚ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਹਾਈਕਮਾਨ ਵਲੋਂ ਵੀ ਹਰਿਆਣਾ 'ਚ ਚੋਣ ਲੜਨ ਦੀ ਸਹਿਮਤੀ ਨਹੀਂ ਮਿਲੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਚ ਭਾਜਪਾ ਨੂੰ ਛੱਡ ਬਾਕੀ ਪਾਰਟੀਆਂ ਨਾਲ ਗਠਜੋੜ ਕਰ ਕੇ ਆਪਣੇ ਉਮੀਦਵਾਰ ਉਤਾਰੇਗਾ।

ਇਸ ਸਬੰਧੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਇੰਚਾਰਜ ਬਲਵਿੰਦਰ ਭੂੰਦੜ ਨੇ ਕਿਹਾ ਕਿ ਹਰਿਆਣਾ ਭਾਜਪਾ ਤੋਂ ਬਾਅਦ ਭਾਜਪਾ ਦੀ ਹਾਈਕਮਾਨ ਨਾਲ ਵੀ ਬੈਠਕਾਂ ਹੋਈਆਂ, ਪਰ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ। ਭੂੰਦੜ ਨੇ ਪੰਜਾਬ 'ਚ ਗਠਜੋੜ ਦੇ ਹਾਲਾਤ ਬਾਰੇ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਫ਼ੈਸਲਾ ਭਵਿੱਖ 'ਚ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਸੱਤਾਧਾਰੀ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕੋ-ਇਕ ਵਿਧਾਇਕ ਬਲਕੌਰ ਸਿੰਘ ਨੂੰ ਅਪਣੀ ਪਾਰਟੀ ਵਿਚ ਰਲਾਉਣ ਅਤੇ ਉਸ ਨੂੰ ਕਾਲਾਂਵਾਲੀ ਤੋਂ ਬੀਜੇਪੀ ਦੀ ਟਿਕਟ 'ਤੇ ਲੜਾਉਣ ਤੋਂ ਪ੍ਰੇਸ਼ਾਨ ਗੁੱਸੇ ਨਾਲ ਭਰੇ ਪੀਤੇ ਤੇ ਨਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਦਲੇ ਦਾ ਬਦਲਾ ਲੈਂਦਿਆਂ ਭਾਜਪਾ ਦੇ ਹਲਕਾ ਇੰਚਾਰਜ ਤੇ ਪਿਛਲੀਆਂ ਚੋਣਾਂ ਵਿਚ ਹਾਰ ਚੁੱਕੇ ਉਮੀਦਵਾਰ ਰਾਜਿੰਦਰ ਸਿੰਘ ਦੇਸੂਜੋਧਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ ਸੀ। ਮੰਗਲਵਾਰ ਦੇਰ ਸ਼ਾਮ ਸੁਖਬੀਰ ਨੇ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਸੀ ਕਿ ਰਾਜਿੰਦਰ ਸਿੰਘ 3 ਅਕਤੂਬਰ ਨੂੰ ਕਾਲਾਂਵਾਲੀ ਸੀਟ ਤੋਂ ਹੀ ਅਕਾਲੀ ਦਲ ਦੀ ਟਿਕਟ 'ਤੇ ਨਾਮਜ਼ਦਗੀ ਕਾਗ਼ਜ਼ ਭਰਨਗੇ।