ਅਦਲੇ ਦਾ ਬਦਲਾ: ਅਕਾਲੀ ਦਲ ਨੇ ਬਲਕੌਰ ਸਿੰਘ ਦੇ ਬਦਲੇ ਰਾਜਿੰਦਰ ਸਿੰਘ ਦੇਸੂਜੋਧਾ ਨੂੰ ਸ਼ਾਮਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੇ ਅਦਲੇ ਦਾ ਬਦਲਾ ਲੈਂਦਿਆਂ ਬੀਜੇਪੀ ਦੇ ਹਲਕਾ ਇੰਚਾਰਜ ਤੇ ਪਿਛਲੀਆਂ ਚੋਣਾਂ 'ਚ ਹਾਰ ਚੁਕੇ ਉਮੀਦਵਾਰ ਰਾਜਿੰਦਰ ਸਿੰਘ ਦੇਸੂਯੋਧਾ ਨੂੰ ਦਲ ਵਿਚ ਸ਼ਾਮਲ ਕਰ ਲਿਆ।

SAD fields BJP leader from Kalanwali

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਤਿੰਨ ਦਿਨ ਪਹਿਲਾਂ ਹਰਿਆਣਾ ਵਿਚ ਸੱਤਾਧਾਰੀ ਬੀਜੇਪੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕੋ ਇਕ ਵਿਧਾਇਕ ਬਲਕੌਰ ਸਿੰਘ ਨੂੰ ਅਪਣੀ ਪਾਰਟੀ ਵਿਚ ਰਲਾਉਣ ਅਤੇ ਉਸ ਨੂੰ ਕਾਲਾਂਵਾਲੀ ਤੋਂ ਬੀਜੇਪੀ ਦੀ ਟਿਕਟ 'ਤੇ ਲੜਾਉਣ ਤੋਂ ਪ੍ਰੇਸ਼ਾਨ ਗੁੱਸੇ ਨਾਲ ਭਰੇ ਪੀਤੇ ਤੇ ਨਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਦਲੇ ਦਾ ਬਦਲਾ ਲੈਂਦਿਆਂ ਬੀਜੇਪੀ ਦੇ ਹਲਕਾ ਇੰਚਾਰਜ ਤੇ ਪਿਛਲੀਆਂ ਚੋਣਾਂ ਵਿਚ ਹਾਰ ਚੁਕੇ ਉਮੀਦਵਾਰ ਸ. ਰਾਜਿੰਦਰ ਸਿੰਘ ਦੇਸੂਜੋਧਾ  ਨੂੰ ਦਲ ਵਿਚ ਸ਼ਾਮਲ ਕਰ ਲਿਆ।

ਇਥੇ ਦੇਰ ਸ਼ਾਮ ਪ੍ਰੈਸ ਕਾਨਫ਼ਰੰਸ ਵਿਚ ਸੁਖਬੀਰ ਬਾਦਲ ਨੇ ਦਸਿਆ ਕਿ ਸ. ਰਾਜਿੰਦਰ ਸਿੰਘ 3 ਅਕਤੂਬਰ ਨੂੰ ਕਾਲਾਂਵਾਲੀ ਸੀਟ ਤੋਂ ਹੀ ਅਕਾਲੀ ਦਲ ਦੀ ਟਿਕਟ 'ਤੇ ਨਾਮਜ਼ਦਗੀ ਕਾਗ਼ਜ਼ ਭਰਨਗੇ। ਪਿਛਲੀ ਵਾਰੀ 2014 ਚੋਣਾਂ 'ਚ ਰਾਜਿੰਦਰ ਸਿੰਘ ਦੇਸੂਜੋਧਾ  ਨੂੰ ਬੀਜੇਪੀ ਉਮੀਦਵਾਰ ਦੇ ਤੌਰ 'ਤੇ 20,000 ਤੋਂ ਵੱਧ ਵੋਟਾਂ ਮਿਲੀਆ ਸਨ ਅਤੇ ਉਹ ਹਾਰ ਗਏ ਸਨ ਤੇ ਜੇਤੂ ਵਿਧਾਇਕ ਬਲਕੌਰ ਸਿੰਘ ਨੂੰ ਅਕਾਲੀ ਟਿਕਟ 'ਤੇ 54000 ਤੋਂ ਵੱਧ ਵੋਟਾਂ ਪਈਆਂ ਸਨ।

ਸੁਖਬੀਰ ਬਾਦਲ ਨੇ ਦਸਿਆ ਕਿ ਕਾਲਾਂਵਾਲੀ ਵਿਧਾਨਸਭਾ ਹਲਕੇ 'ਚ ਕੁਲ 1,60,000 ਵੋਟਰਾਂ 'ਚੋਂ 50,000 ਜੱਟ ਸਿੱਖ, 25,000 ਮਜ਼ਹਬੀ ਸਿੱਖ, 17000 ਕੰਬੋਜ ਸਿੱਖ ਤੇ ਬਾਕੀ ਹਰ ਪੰਜਾਬੀ ਹਰਿਆਣਵੀ ਵੋਟਰ ਹਨ ਅਤੇ ਇਸ ਅਕਾਲੀ ਜਾ ਪੰਜਾਬੀ ਸੀਟ 'ਤੇ ਅਕਾਲੀ ਵੋਟਰ ਹਾਵੀ ਹੈ। ਇਹ ਵਿਧਾਨ ਸਭਾ ਸੀਟ 2009 'ਚ ਵੀ ਅਕਾਲੀ ਦਲ ਨੇ ਅਤੇ 2014 'ਚ ਵੀ ਜਿੱਤੀ ਸੀ।

ਇਕ ਸਵਾਲ ਦੇ ਜਵਾਬ 'ਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ 'ਚ ਬੀਜੇਪੀ ਨੇ ਸਾਡੇ ਨਾਲ ਧੋਖਾ ਕੀਤਾ ਅਤੇ ਹੁਣ, ਇਸ ਨਾਲ ਚੋਣ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਪਰ ਉਨ੍ਹਾਂ ਸਪਸ਼ਟ ਤੌਰ 'ਤੇ ਬਾਰ ਬਾਰ ਕਿਹਾ ਕਿ ਪੰਜਾਬ 'ਤੇ ਇਸ ਝਗੜੇ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣੇ ਦੀਆਂ 25 ਵਿਧਾਨ ਸਭਾ ਸੀਟਾਂ 'ਤੇ ਸਿੱਖ ਵੋਟਰਾਂ ਦਾ ਚੋਖਾ ਪ੍ਰਭਾਵ ਹੈ ਅਤੇ ਬਾਕੀ ਪਾਰਟੀਆਂ ਨਾਲ ਚੋਣ ਮਸਝੌਤੇ ਦੀ ਗੱਲਬਾਤ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।