ਸਿੱਖ ਨਸਲਕੁਸ਼ੀ ਤੇ ਪੰਥ ਵਿਰੋਧੀ ਤਾਕਤਾਂ ਨੂੰ ਦਿੱਲੀ ਚੋਣਾਂ ਵਿਚ ਹਰਾਇਆ ਜਾਵੇ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਸਿੱਖੀ ਭੇਸ ਵਿਚ ਛੁਪੇ ਰੁਸਤਮਾਂ ਤੋਂ ਦਿੱਲੀ ਦੇ ਸਿੱਖ ਸੁਚੇਤ ਹੋਣ : ਐਡਵੋਕੇਟ ਜਗਦੀਪ ਸਿੰਘ ਰੰਧਾਵਾ

File Photo

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਿੱਲੀ ਵਿਚ ਹੋ ਰਹੀਆਂ ਚੋਣਾਂ ਵਿਚ ਮਨੁੱਖਤਾ ਦੇ ਕਾਤਲ ਮੰਨੂਵਾਦੀਆਂ ਤੇ 84 ਦੇ ਦੋਸ਼ੀਆਂ ਨੂੰ ਹਰਾਉਣ ਦੀ ਅਪੀਲ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ 'ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕ੍ਰਿਪਾਲ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ, ਵਿਰਸਾ ਸਿੰਘ ਬਹਿਲਾ ਤੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਆਰ.ਐਸ.ਐਸ, ਭਾਜਪਾ ਨੇ ਦਿੱਲੀ ਦੀਆਂ ਚੋਣਾਂ ਵਿਚ 'ਦੇਸ਼ ਦੇ ਗ਼ਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ' ਨਾਹਰੇ ਲਾ ਕੇ ਨਵੰਬਰ 1984 ਚੇਤੇ ਕਰਵਾ ਦਿਤਾ।

ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਵਰਗੇ ਅਮਿਤ ਸ਼ਾਹ ਦੀ ਅਗਵਾਈ ਵਿਚ ਦੇਸ਼ ਦਾ ਚੋਣ ਕਮਿਸ਼ਨ ਤੇ ਅਦਾਲਤਾਂ ਮੂਕ ਦਰਸ਼ਕ ਬਣੀਆਂ ਹਨ। ਉਨ੍ਹਾਂ ਕਿਹਾ ਕਿ ਮੰਨੂਵਾਦੀਏ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੇਧ ਨਾਲ ਹੀ ਦੁਸ਼ਮਣੀ ਨਹੀਂ ਕਮਾ ਰਹੇ ਸਗੋਂ ਬਾਦਲ ਦਲ ਦੀ ਨਵੀਂ ਪੁਰਾਣੀ ਕੰਪਨੀ ਭਾਜਪਾ ਦੀ ਪਿੱਠੂ ਬਣ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਗ਼ਦਾਰੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਧਾਰਮਕ ਦੁਸ਼ਮਣੀ ਵਿਰੁਧ ਸ਼ਹਾਦਤ ਦੇ ਕੇ ਜ਼ੁਲਮ ਨੂੰ ਵੰਗਾਰਿਆਂ ਸੀ ਪਰ ਅੱਜ ਸਿੱਖੀ ਭੇਸਾਂ ਵਿਚ ਬਾਦਲ ਤੇ ਹੋਰ ਲੋਕ ਮੰਨੂਵਾਦੀਆਂ ਦੀ ਝੋਲੀ ਵਿਚ ਪਾ ਕੇ ਔਰੰਗਜ਼ੇਬਾਂ ਦੀ ਢਾਲ ਬਣ ਰਹੇ ਹਨ।

ਜਥੇਬੰਦੀਆਂ ਨੇ ਕਿਹਾ ਕਿ ਨਵੰਬਰ 84 ਵਿਚ ਸਿੱਖਾਂ ਦੀ ਕੁਲਨਾਸ਼ ਸਮੇਂ ਦਿੱਲੀ ਦੀਆਂ ਸੜਕਾਂ 'ਤੇ ਇਹੋ ਨਾਹਰੇ ਲਗਦੇ ਸਨ ਜੋ ਅੱਜ ਦਿੱਲੀ ਦੀਆਂ ਚੋਣਾਂ ਵਿਚ ਭਾਜਪਾ ਵਲੋਂ ਲੱਗ ਰਹੇ ਹਨ ਪਰ ਸ਼ਰਮ ਦੀ ਗੱਲ ਹੈ ਕਿ ਸਿੱਖੀ ਭੇਸ ਵਿਚ ਛੁਪੇ ਰੁਸਤਮ ਅਜਿਹੇ ਨਾਹਰੇਬਾਜ਼ੀ ਕਰਨ ਵਾਲਿਆਂ ਦੇ ਹੱਕ ਵਿਚ ਖਲ੍ਹੋ ਗਏ ਹਨ।