'ਜਨਰਲ ਸਮਾਜ ਪਾਰਟੀ’ ਨੇ ਚੰਡੀਗੜ੍ਹ ਤੋਂ ਐਲਾਨਿਆ ਉਮੀਦਵਾਰ
ਪਾਰਟੀ ਦਾ ਮੁੱਖ ਏਜੰਡਾ ਜਨਰਲ ਵਰਗ ਦੇ ਲੋਕਾਂ ਦੇ ਹੱਕਾਂ ਲਈ ਲੜਨਾ
ਚੰਡੀਗੜ੍ਹ: ਜਨਰਲ ਸਮਾਜ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਤੰਗ ਆ ਕੇ ਇਕ ਅਪਣੀ ਵੱਖਰੀ ਪਾਰਟੀ ਬਣਾ ਲਈ ਹੈ। ਇਸ ਪਾਰਟੀ ਨੂੰ 'ਜਨਰਲ ਸਮਾਜ ਪਾਰਟੀ’ ਦਾ ਨਾਮ ਵੀ ਦਿਤਾ ਗਿਆ ਹੈ। ਨਾਲ ਹੀ ਪਾਰਟੀ ਵਲੋਂ ਨਾਰਥ ਜ਼ੋਨ ਪ੍ਰਭਾਵੀ ਇੰਜੀ. ਸਤੀਸ਼ ਕੁਮਾਰ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਹੁਣ ਇਸ ਪਾਰਟੀ ਨੇ ਚੰਡੀਗੜ੍ਹ ਅਤੇ ਪੰਜਾਬ ਵਿਚ ਲੋਕਸਭਾ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਹੈ।
ਪਾਰਟੀ ਦਾ ਮੁੱਖ ਏਜੰਡਾ ਜਨਰਲ ਵਰਗ ਦੇ ਲੋਕਾਂ ਦੇ ਹੱਕਾਂ ਲਈ ਲੜਨਾ ਹੈ। ਜਾਣਕਾਰੀ ਦਿੰਦਿਆਂ ਜਨਰਲ ਸਮਾਜ ਪਾਰਟੀ ਦੇ ਸੰਸਥਾਪਕ ਸੁਰੇਸ਼ ਗੋਇਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜਨਰਲ ਵਰਗ ਦੇ ਲੋਕਾਂ ਵਲੋਂ ਜਾਤ ਦੇ ਰਾਖਵੇਂਕਰਨ ਦੇ ਵਿਰੋਧ ਵਿਚ ਅਦਾਲਤਾਂ ਵਿਚ ਲੜਾਈ ਲੜੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਸਮਾਜ ਵਿਚ ਜਾਤੀਵਾਦ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ।
ਪਾਰਟੀ ਦੇ ਨਾਰਥ ਜ਼ੋਨ ਪ੍ਰਭਾਵੀ ਇੰਜੀ. ਸਤੀਸ਼ ਕੁਮਾਰ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਦੇ ਹੋਏ ਜਨਰਲ ਸਮਾਜ ਪਾਰਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਅਤੇ ਸੈਕਟਰਾਂ ਦਾ ਦੌਰਾ ਕਰਕੇ ਲੋਕਾਂ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਬਾਰੇ ਫੀਡਬੈਕ ਲਿਆ ਜਾ ਰਿਹਾ ਹੈ।