ਆਸਟ੍ਰੇਲੀਆ ਵਿਚ ਕਰੋਨਾ ਨਾਲ ਵਿਗੜੇ ਹਲਾਤ, ਜਾਣੋ ਕੀ ਹਾਲ ਹੈ ਪੰਜਾਬੀਆਂ ਦਾ

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਹੀ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਅਪਣਾ ਹਾਲ ਬਿਆਨ ਕੀਤਾ ਹੈ...

Canada Australia Students

ਚੰਡੀਗੜ੍ਹ: ਭਾਰਤ ਵਿਚ 2600 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 72 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 47 ਹੋ ਗਈ ਹੈ ਅਤੇ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਵਿਸ਼ਵ ਵਿਚ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਅਜੇ ਵੀ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਕੇਸਾਂ ਅਤੇ ਮੌਤਾਂ ਵਿਚ ਵਾਧਾ ਹੋ ਰਿਹਾ ਹੈ।

ਉੱਥੇ ਹੀ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਅਪਣਾ ਹਾਲ ਬਿਆਨ ਕੀਤਾ ਹੈ। ਕੈਨੇਡਾ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ ਪਰ ਆਸਟ੍ਰੇਲੀਆ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਤੇ ਸਪੋਕਸਮੈਨ ਵੱਲੋਂ ਪਰਮਜੀਤ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਗਈ।

ਪਰਮਜੀਤ ਸਿੰਘ ਆਹਲੂਵਾਲੀਆ ਨੇ ਦਸਿਆ ਕਿ ਆਸਟ੍ਰੇਲੀਆ ਵਿਚ ਵਿਦਿਆਰਥੀ ਪੜ੍ਹਾਈ ਲਈ ਆਉਂਦੇ ਹਨ ਤੇ ਇਸ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀ ਲੋਕਾਂ ਦੀ ਹੁੰਦੀ ਹੈ। ਕੁੱਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਾਨਫਰੰਸ ਕਰ ਕੇ ਇਕ ਬਿਆਨ ਜਾਰੀ ਕੀਤਾ ਸੀ ਕਿ ਆਸਟ੍ਰੇਲੀਆ ਇਸ ਸੰਕਟ ਦੀ ਘੜੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਰਥਿਕ ਮਦਦ ਨਹੀਂ ਕਰ ਸਕਦਾ।

ਜੇ ਕਿਸੇ ਵਿਦਿਆਰਥੀ ਨੂੰ ਲਗਦਾ ਹੈ ਕਿ ਉਸ ਦਾ ਉੱਥੇ ਗੁਜ਼ਾਰਾ ਮੁਸ਼ਕਿਲ ਹੈ ਤਾਂ ਆਸਟ੍ਰੇਲੀਆ ਨੇ ਉਹਨਾਂ ਨੂੰ ਭਾਰਤ ਦਾ ਰਸਤਾ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਿਹੜੇ ਟੂਰਿਸਟ ਵੀਜ਼ੇ ਤੇ ਆਏ ਹੋਏ ਹਨ ਉਹਨਾਂ ਨੂੰ ਕਿਹਾ ਹੈ ਕਿ ਉਹ ਵੀ ਅਪਣੇ ਵਤਨ ਵਾਪਸ ਜਾ ਸਕਦੇ ਹਨ ਕਿਉਂ ਕਿ ਉਹਨਾਂ ਕੋਲ ਆਰਥਿਕ ਮਜ਼ਬੂਤੀ ਉੱਥੋਂ ਦੇ ਵਸਨੀਕਾਂ ਲਈ ਹੀ ਹੈ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਥੇ 5000 ਤੋਂ ਵਧ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਪਰ ਫਿਰ ਵੀ ਲੋਕ ਘਰਾਂ ਵਿਚ ਨਹੀਂ ਬੈਠ ਰਹੇ। ਜਿਹੜੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਉਹਨਾਂ ਨੂੰ 300 ਡਾਲਰ ਸਰਕਾਰ ਵੱਲੋਂ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਪੱਲਾ ਝਾੜ ਲੈਣਾ ਬਹੁਤ ਹੀ ਮੰਦਭਾਗਾ ਕੰਮ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਉਹ ਵਿਦਿਆਰਥੀਆਂ ਦੀ ਮਦਦ ਕਰੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।