ਬਿੱਟੂ ਤੋਂ ਉਨ੍ਹਾਂ ਦਾ ਪੱਕਾ ਪਤਾ ਪੁੱਛਣ ਲੁਧਿਆਣਾ ਦੇ ਲੋਕ: ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਸਾਲਾਂ ਤੱਕ ਲੁਧਿਆਣਾ ਤੋਂ ਐਮਪੀ ਰਹਿਣ ਦੇ ਬਾਵਜੂਦ ਬਿੱਟੂ ਦਾ ਇੱਥੇ ਕੋਈ ਪੱਕਾ ਪਤਾ ਨਹੀਂ: ਗਰੇਵਾਲ

Maheshinder Singh Grewal

ਲੁਧਿਆਣਾ: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਦੇ ਲੋਕਾਂ ਨੂੰ ਕਾਂਗਰਸ ਉਮੀਦਵਾਰ ਤੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ’ਚ ਉਨ੍ਹਾਂ ਦਾ ਪੱਕਾ ਪਤਾ ਪੁੱਛਣ ਦੀ ਅਪੀਲ਼ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਪੰਜ ਸਾਲਾਂ ਤੱਕ ਲੁਧਿਆਣਾ ਤੋਂ ਐਮਪੀ ਰਹਿਣ ਦੇ ਬਾਵਜੂਦ ਬਿੱਟੂ ਦਾ ਇੱਥੇ ਕੋਈ ਪੱਕਾ ਪਤਾ ਨਹੀਂ ਹੈ। ਇੱਥੇ ਲੜੀਵਾਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਗਰੇਵਾਲ ਨੇ ਕਿਹਾ ਕਿ ਲੁਧਿਆਣਾ ’ਚ ਘਰ ਖਰੀਦਣ ਦੇ ਉਲਟ, ਬਿੱਟੂ ਨੇ ਮੋਹਾਲੀ ’ਚ ਇਕ ਪਲਾਟ ਖਰੀਦਿਆ।

ਜਿਨ੍ਹਾਂ ਇਥੋਂ ਤੱਕ ਕਿ ਮਾਡਲ ਟਾਊਨ ’ਚ ਸਥਿਤ ਅਪਣਾ ਪੁਰਾਣਾ ਘਰ ਵੀ ਤੋੜ ਦਿਤਾ ਅਤੇ ਉਸ ਨੂੰ ਵੇਚ ਦਿਤਾ। ਗਰੇਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿੱਟੂ ਦਾ ਲੁਧਿਆਣਾ ’ਚ ਕੋਈ ਧਿਆਨ ਜਾਂ ਲਗਾਅ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਤੋਂ ਲੁਧਿਆਣਾ ’ਚ ਰਹਿ ਰਹੇ ਹਨ ਤੇ ਇੱਥੇ ਹਮੇਸ਼ਾ ਰਹਿੰਦੇ ਰਹਿਣਗੇ। ਜਦਕਿ ਬਿੱਟੂ ਦਾ ਕੋਈ ਪੱਕਾ ਪਤਾ ਨਹੀਂ ਹੈ।

ਗਰੇਵਾਲ ਨੇ ਕਿਹਾ ਕਿ ਇਥੋਂ ਤੱਕ ਕਿ ਰੋਜ਼ ਗਾਰਡਨ ਦੇ ਨੇੜੇ ਇਨ੍ਹਾਂ ਦਾ ਆਰਜ਼ੀ ਘਰ ਜਾਂ ਤਾਂ ਬੰਦ ਰਹਿੰਦਾ ਹੈ, ਜਾਂ ਫਿਰ ਬਿੱਟੂ ਇੱਥੇ ਕਦੇ ਨਹੀਂ ਹੁੰਦੇ ਤੇ ਰੱਬ ਨੇ ਚਾਹਿਆ ਕਿ ਉਹ ਇੱਥੇ ਹੋਏ ਵੀ ਤਾਂ ਲੋਕਾਂ ਲਈ ਮੌਜੂਦ ਨਹੀਂ ਰਹਿੰਦੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਰ ਬਿੱਟੂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ, ਜਿੰਨ੍ਹਾਂ ਕੋਲ ਪਹਿਲਾਂ ਤੋਂ ਬਤੌਰ ਐਮਪੀ ਦਿੱਲੀ ’ਚ ਮਿਲਿਆ ਇਕ ਘਰ ਹੈ, ਇਸ ਤੋ ਇਲਾਵਾ ਇਨ੍ਹਾਂ ਕੋਲ ਚੰਡੀਗੜ੍ਹ ’ਚ ਇਕ ਸਰਕਾਰੀ ਘਰ ਵੀ ਹੈ।

ਅਕਾਲੀ-ਭਾਜਪਾ ਉਮੀਦਵਾਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜ ਸਾਲਾਂ ਦੌਰਾਨ ਉਹ ਹਾਸਲ ਕੀਤਾ ਹੈ, ਜੋ ਕਾਂਗਰਸ 50 ਸਾਲਾਂ ਦੌਰਾਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਭਰ ਅੰਦਰ ਕਿਸਾਨਾਂ ਨੂੰ ਇੱਕੋ ਸਮਾਨ ਕਰਜ਼ਾ ਰਾਹਤ ਅਤੇ ਸਹਾਇਤਾ ਦਿਤੀ। ਜਦਕਿ ਕਾਂਗਰਸ ਨੇ ਅਪਣੇ ਸਿਆਸੀ ਵਿਰੋਧੀਆਂ ਨਾਲ ਪੱਖਪਾਤ ਕੀਤਾ, ਜਿੱਥੇ ਸਰਕਾਰੀ ਅਫ਼ਸਰਾਂ ਦੇ ਉਲਟ, ਕਾਂਗਰਸੀ ਐਮਐਲਏ ਕਰਜ਼ਾ ਰਾਹਤ ਸਬੰਧੀ ਚੈੱਕ ਵੰਡ ਰਹੇ ਹਨ।

ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਨਾ ਸਿਰਫ਼ ਇਕ ਮਜ਼ਬੂਤ, ਸਗੋਂ ਇਕ ਪ੍ਰਭਾਵੀ ਸਰਕਾਰ ਵੀ ਦਿਤੀ, ਜਿਸ ਨੇ ਹਰ ਕਿਸੇ ਨੂੰ ਜਵਾਬ ਦੇਹ ਬਣਾਇਆ। ਉਨ੍ਹਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿਚ ਅਨੁਸ਼ਾਸਨ ਕਾਇਮ ਹੋਇਆ ਅਤੇ ਕੋਈ ਭ੍ਰਿਸ਼ਟਾਚਾਰ ਨਹੀਂ ਰਿਹਾ।