ਸੰਦੀਪ ਸੰਧੂ ਦੀ 'ਰੋਜ਼ਾਨਾ ਸਪੋਕਸਮੈਨ' ਨਾਲ ਵਿਸ਼ੇਸ਼ ਮੁਲਾਕਾਤ ਸ਼ਾਹਕੋਟ ਦੀ ਜਿੱਤ ਦਾ ਸਿਹਰਾ ਵੋਟਰਾਂ ਸਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਦਿਨ ਪਹਿਲਾਂ ਜਲੰਧਰ ਦੀ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 39000 ਵੋਟਾਂ ਦੇ ਫ਼ਰਕ ਨਾਲ ਜਿੱਤਣ ਉਪਰੰਤ ਜਿਥੇ ਕਾਂਗਰਸੀ ਨੇਤਾਵਾਂ ਤੇ ਪਾਰਟੀ ਹਿਤੈਸ਼ੀ....

Captain Sandeep Sandhu

ਚੰਡੀਗੜ੍ਹ : ਦੋ ਦਿਨ ਪਹਿਲਾਂ ਜਲੰਧਰ ਦੀ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 39000 ਵੋਟਾਂ ਦੇ ਫ਼ਰਕ ਨਾਲ ਜਿੱਤਣ ਉਪਰੰਤ ਜਿਥੇ ਕਾਂਗਰਸੀ ਨੇਤਾਵਾਂ ਤੇ ਪਾਰਟੀ ਹਿਤੈਸ਼ੀ ਲੋਕਾਂ ਦੀਆਂ ਖ਼ੁਸ਼ੀਆਂ ਤੇ ਲੱਡੂ ਵੰਡਣ ਅਤੇ ਹੋਰ ਜਸ਼ਨਾਂ ਦਾ ਸਿਲਸਿਲਾ ਜਾਰੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਸਿਰਫ਼ 44000 ਦੇ ਕਰੀਬ ਵੋਟਾਂ ਪ੍ਰਾਪਤ ਕਰ ਕੇ ਇਹ ਤਸੱਲੀ ਤੇ ਸੰਤੁਸ਼ਟੀ ਪ੍ਰਗਟਾ ਰਿਹਾ ਹੈ ਕਿ ਉਨ੍ਹਾਂ ਦਾ ਵੋਟ ਬੈਂਕ ਬਹੁਤਾ ਨਹੀਂ ਖਿਸਕਿਆ।

ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਸ ਦੇ ਉਮੀਦਵਾਰ ਡਾ. ਥਿੰਦ ਨੇ 42000 ਦੇ ਕਰੀਬ 2017 ਵਿਚ ਵੋਟਾਂ ਲਈਆਂ ਸਨ, ਉਸ ਵਲੋਂ ਅਕਾਲੀ ਦਲ ਵਿਚ ਜਾ ਮਿਲਣ ਕਰ ਕੇ 'ਆਪ' ਦੇ ਨਵੇਂ ਉਮੀਦਵਾਰ ਰਤਨ ਸਿੰਘ ਨੂੰ ਸਿਰਫ਼ 1900 ਵੋਟਾਂ ਪਈਆਂ। ਜਿਸ ਸਬੰਧੀ ਵਿਚ 'ਆਪ' ਦੇ ਆਗੂਆਂ ਵਿਚ ਤਰ੍ਹਾਂ-ਤਰ੍ਹਾਂ ਦੇ ਦੋਸ਼, ਆਲੋਚਨਾ, ਆਪਾ ਵਿਰੋਧੀ ਬਿਆਨ ਅਜੇ ਹੋਰ ਤਿੱਖੇ ਹੋਣ ਦਾ ਡਰ ਹੈ। 

ਮਈ ਮਹੀਨੇ ਦੀ ਅਤਿ ਗਰਮੀ, ਲੂਅ, ਗਰਮ ਤੇ ਹਨੇਰੀ ਭਰੀ ਧੂੜ ਅਤੇ ਕੱਚੀਆਂ, ਰੋੜਿਆਂ ਦੀਆਂ ਸੜਕਾਂ ਤੇ ਪਿੰਡਾਂ ਦੀਆਂ ਉਭੜ-ਖਾਬੜ ਗਲੀਆਂ ਵਿਚ ਦਿਨ ਰਾਤ ਪਸੀਨਾ ਬਹਾ ਕੇ ਆਏ ਇਸ ਸੀਟ 'ਤੇ ਬਾਰੀਕੀ ਨਾਲ ਪਲਾਨਿੰਗ ਕਰਨ ਵਾਲੇ ਕਾਂਗਰਸੀ ਨੇਤਾ ਕੈਪਟਨ ਸੰਦੀਪ ਸੰਧੂ ਨਾਲ ਜਦ 'ਰੋਜ਼ਾਨਾ ਸਪੋਕਸਮੈਨ' ਵਲੋਂ ਮੁਲਾਕਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਿਛਲੀਆਂ ਪੰਜ ਟਰਮਾਂ ਵਿਚ ਸ਼ਾਹਕੋਟ (ਪਹਿਲਾਂ ਲੋਹੀਆਂ) ਸੀਟ ਅਕਾਲੀ ਦਲ ਕੋਲ ਹੀ ਰਹੀ ਸੀ,

ਉਨ੍ਹਾਂ ਦੇ ਕਿਲ੍ਹੇ ਨੂੰ ਢਾਹੁਣਾ ਸਿਰਫ਼ ਤੇ ਸਿਰਫ਼ ਮਿਹਨਤ, ਬਾਰੀਕੀ ਨਾਲ ਪਿੰਡ-ਪਿੰਡ, ਮੁਹੱਲੇ, ਪੱਟੀਆਂ ਤਕ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਕਰ ਕੇ ਹੀ ਸਫ਼ਲਤਾ ਮਿਲੀ ਹੈ। ਸੰਦੀਪ ਸੰਧੂ ਜਿਨ੍ਹਾਂ 12ਵੀਂ ਪਾਸ ਪਬਲਿਕ ਸਕੂਲ ਨਾਭਾ ਤੋਂ ਕੀਤੀ, ਦੋ ਸਾਲ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਲਾਏ ਮਗਰੋਂ 15 ਸਾਲ ਨੇਵੀ ਵਿਚ ਮਾਅਰਕੇ ਮਾਰੇ। ਫ਼ਰੀਦਕੋਟ ਵਿਚ ਛੁੱਟੀਆਂ ਕੱਟਣ ਦੇ ਨਾਲ-ਨਾਲ 1998 ਤੋਂ ਹੀ ਕਾਂਗਰਸ ਨਾਲ ਜੁੜੇ ਕਿਉਂਕਿ ਪਰਵਾਰ ਦਾ ਖ਼ੂਨ ਹੀ ਕਾਂਗਰਸ ਹਿਤੈਸ਼ੀ ਸੀ, ਨੇ ਦਸਿਆ ਕਿ ਸ਼ਾਹਕੋਟ ਨੂੰ 14 ਵੱਡੇ ਜ਼ੋਨਾਂ ਵਿਚ ਵੰਡਿਆ ਗਿਆ ਸੀ।

ਫਿਰ 44 ਛੋਟੇ ਜ਼ੋਨ ਬਣਾਏ, ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਪੂਰੇ 26 ਦਿਨ ਵਾਰੋ-ਵਾਰੀ ਹਰ ਵੋਟਰ, ਢਾਹਣੀਆਂ, ਅਦਾਰਿਆਂ ਤਕ ਪਹੁੰਚ ਕੀਤੀ। ਉਨ੍ਹਾਂ ਮੰਨਿਆ ਕਿ ਸੱਤਾਧਾਰੀ ਕਾਂਗਰਸ ਦੇ ਮੰਤਰੀਆਂ, ਲੀਡਰਾਂ, ਵਿਧਾਇਕਾਂ ਵੱਖ-ਵੱਖ ਗੁੱਟਾਂ ਵਿਚ ਇਸ ਸੀਟ ਤੇ ਉਮੀਦਵਾਰ ਹਰਦੇਵ ਸਿੰਘ ਲਾਡੀ ਬਾਰੇ ਆਪਾ ਵਿਰੋਧੀ ਸੋਚ, ਵੱਖੋ-ਵੱਖ ਮਨਸ਼ੇ, ਅੰਦਾਜਿਆਂ ਦੇ ਚਲਦਿਆਂ ਪਹਿਲੇ ਚਾਰ-ਪੰਜ ਦਿਨ ਘਬਰਾਹਟ, ਸ਼ਸ਼ੋਪੰਜ ਅਤੇ ਬੇਲਗਾਮ ਮਾਨਸਕ ਤੇ ਸਿਆਸੀ ਹਿਚਕੋਲਿਆਂ ਵਿਚ ਹੀ ਬੀਤ ਗਏ।

ਮੁਕਾਬਲੇ ਵਿਚ ਮਜ਼ਬੂਤ ਅਕਾਲੀ ਦਲ ਜਿਨ੍ਹਾਂ ਮਹੀਨਾ ਪਹਿਲਾਂ ਹੀ ਅਪਣਾ ਉਮੀਦਵਾਰ ਐਲਾਨ ਦਿਤਾ ਸੀ। 234 ਪਿੰਡਾਂ ਦਾ ਗੇੜਾ ਵੀ ਕੱਢ ਲਿਆ ਸੀ, ਇਸ ਹਾਲਾਤ ਵਿਚ ਮੰਡੀਆਂ, ਬਾਜ਼ਾਰਾਂ, ਰੇਹੜੀ ਵਾਲਿਆਂ, ਬੱਸ ਅੱਡਿਆਂ, ਛੋਟੇ ਦੁਕਾਨਕਾਰਾਂ, ਉਥੇ ਦੇ ਪੱਤਰਕਾਰਾਂ ਨਾਲ ਬਿਨਾਂ ਸ਼ਨਾਖਤ ਚਰਚਾ ਕੀਤੀ। ਵਿਕਾਸ ਕੰਮਾਂ ਬਾਰੇ ਮੋਟੇ ਮੋਟੇ ਖਰੜੇ ਉਲੀਕੇ ਅਤੇ ਛੋਟੀਆਂ-ਛੋਟੀਆਂ ਬੈਠਕਾਂ ਤੇ ਸੱਥਾਂ ਵਿਚ ਸਰਕਾਰ ਦੇ ਫ਼ੈਸਲਿਆਂ ਬਾਰੇ ਦਸਿਆ। 

'' ਨਾ ਕਾਹੂ ਸੇ ਦੋਸਤੀ-ਨਾ ਕਾਹੂ ਸੇ ਵੈਰ''
ਅਤੇ ''ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ''
''ਅਪਣੀ ਡਿਊਟੀ ਕਰੋ, ਫਲ ਵਾਹਿਗੁਰੂ ਦੇਵੇਗਾ''
ਵਰਗੇ ਸਿਧਾਂਤਾਂ ਤੇ  ਕਥਨਾਂ 'ਤੇ ਭਰੋਸਾ ਰੱਖਣ ਵਾਲੇ 48 ਸਾਲਾ ਸੰਧੂ ਨੇ ਕਿਹਾ ਕਿ ਅਕਸਰ ''ਲੜਦੀ ਫ਼ੌਜ ਹੈ- ਨਾਂ ਕਪਤਾਨ ਦਾ ਹੁੰਦਾ ਹੈ।'' ਇਸੇ ਤਰ੍ਹਾਂ ਸਾਰਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬਝਦਾ ਹੈ ਜਿਨ੍ਹਾਂ ਵੋਟਰਾਂ ਨੂੰ ਰੋਡ ਸ਼ੋਅ ਵਾਲੇ ਦਿਨ ਆਸ਼ੀਰਵਾਦ ਦਿਤਾ ਅਤੇ ਉਨ੍ਹਾਂ ਦਾ ਪਿਆਰ ਪ੍ਰਾਪਤ ਕੀਤਾ। ਮੁੱਖ ਮੰਤਰੀ ਨੇ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦੀ ਟੀਮ 'ਤੇ ਪੂਰਾ ਭਰੋਸਾ ਕੀਤਾ। 

ਇਹ ਪੁੱਛੇ ਜਾਣ 'ਤੇ ਕਿ ਹਾਵੀ ਰੁਖ਼ ਅਪਣਾਉਣ ਵਾਲੇ ਅਕਾਲੀ ਲੀਡਰਾਂ ਦਾ ਮੁਕਾਬਲਾ ਕਿਵੇਂ ਕੀਤਾ ਜਦਕਿ ਹਰਦੇਵ ਲਾਡੀ ਤੇ ਹੋਰ ਕਈ ਕਾਂਗਰਸੀਆਂ 'ਤੇ ਰੇਤ ਬਜਰੀ ਵਰਗੇ ਕਾਫ਼ੀ ਦੋਸ਼ ਲੱਗੇ ਸਨ, ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਦਾਰ ਤੋਤਾ ਸਿੰਘ, ਵਿਰਸਾ ਸਿੰਘ ਵਲਟੋਹਾ, ਬਿਕਰਮ ਮਜੀਠੀਆ, ਨਿਰਮਲ ਸਿੰਘ ਕਾਹਲੋਂ, ਬੱਬੇਹਾਲੀ, ਸੁਰਜੀਤ ਰਖੜਾ, ਮਨਪ੍ਰੀਤ ਇਆਲੀ, ਸਿਕੰਦਰ ਮਲੂਕਾ, ਵਰਦੇਵ ਮਾਨ ਵਰਗਿਆਂ ਵਿਰੁਧ ਉਸੇ ਖੇਤਰ ਤੋਂ ਪਿੰਡਾਂ ਵਿਚ ਸੁਖਜੀਤ ਕਾਕਾ ਲੋਹਗੜ੍ਹ,

ਭੁੱਲਰ ਪਰਵਾਰ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਗੁਰਪ੍ਰੀਤ ਕਾਂਗੜ ਤੇ ਰਾਣਾ ਗੁਰਮੀਤ ਸੋਢੀ ਨੂੰ ਡਾਹਿਆ ਤਾਕਿ ਗਰਮ ਦੀ ਗਰਮ ਨਾਲ ਅਤੇ ਤਰਕ ਦੀ ਠੰਢੇ ਮਿਜਾਜ਼ ਨਾਲ ਤੁਲਨਾ ਹੋ ਜਾਵੇ ਤੇ ਕਾਟ ਕੀਤੀ ਜਾ ਸਕੇ। ਇਹ ਪੁੱਛੇ ਜਾਣ 'ਤੇ ਕਿ ਚੋਣਾਂ ਵਿਚ ਸ਼ਾਹਕੋਟ ਦੇ ਵੋਟਰਾਂ ਨਾਲ ਚੁੱਪ ਚਪੀਤੇ ਕੀਤੇ ਕਈ ਵਾਅਦੇ ਕਿਵੇਂ ਪੂਰੇ ਹੋਣਗੇ ਤਾਂ ਉਨ੍ਹਾਂ ਦਸਿਆ ਕਿ ਉਂਜ ਤਾਂ ਪਿਛਲੇ 14 ਮਹੀਨਿਆਂ ਵਿਚ ਸ਼ਾਹਕੋਟ ਦੇ 156 ਪਿੰਡਾਂ ਦੇ 3773 ਕਿਸਾਨਾਂ ਦੇ ਲਗਭਗ 33 ਕਰੋੜ ਦੇ ਕਰਜ਼ੇ ਮਾਫ਼ ਕਰ ਦਿਤੇ ਹਨ।

ਸਾਰੰਗਵਾਲ ਵਿਖੇ ਸਰਕਾਰੀ ਡਿਗਰੀ ਕਾਲਜ ਲਈ 15 ਕਰੋੜ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ ਅਤੇ ਵਿਕਾਸ ਕੰਮਾਂ ਲਈ ਕੁਲ 150 ਕਰੋੜ ਖ਼ਰਚ ਕਰਨ ਦਾ ਵਾਅਦਾ ਹੈ ਪਰ ਫਿਰ ਵੀ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਆਉਂਦੇ ਪੌਣੇ ਚਾਰ ਸਾਲਾਂ ਵਿਚ ਹਸਪਤਾਲ, ਮਾਰਕੀਟ ਕਮੇਟੀਆਂ ਤੇ ਹੋਰ ਵਿਦਿਅਕ ਸੰਸਥਾਵਾਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। 

ਕੈਪਟਨ ਸੰਦੀਪ ਸੰਧੂ ਨੇ ਇਸ ਜਿੱਤ ਲਈ ਪ੍ਰਦੇਸ਼ ਕਾਂਗਰਸ ਸਰਕਾਰ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖ ਸਰਕਾਰੀਆ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਨਵਜੋਤ ਸਿੱਧੂ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਮੀਤ ਸੋਢੀ, ਸ਼ਾਮ ਸੁੰਦਰ ਅਰੋੜਾ, ਮਨਪ੍ਰੀਤ ਬਾਦਲ, ਵਿਜੈ ਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਓਪੀ ਸੋਨੀ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਧਨਵਾਦ ਕੀਤਾ ਅਤੇ ਦਸਿਆ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਮੁਸ਼ਕਦਲ ਹਾਲਾਤ ਵਿਚ ਸ਼ਾਹਕੋਟ ਹਲਕੇ ਦੇ ਅਕਾਲੀ ਗੜ੍ਹ ਨੂੰ ਜਿੱਤਿਆ। 

ਸੰਦੀਪ ਸੰਧੂ ਨੇ ਦੋ ਐਮ ਪੀ, ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਵਲੋਂ ਨਿਭਾਈ ਭੂਮਿਕਾ ਸਮੇਤ ਕਾਂਗਰਸੀ ਵਿਧਾਇਕਾਂ ਡਾ. ਰਾਜ ਕੁਮਾਰ ਚੱਬੇਵਾਲ ਤੇ ਰਾਜ ਕੁਮਾਰ ਵੇਰਕਾ ਵਲੋਂ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਖ਼ਾਸ ਤੌਰ 'ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਪਿਛਲੇ 20 ਸਾਲਾਂ ਤੋਂ ਕਾਂਗਰਸ ਲਈ ਚੋਣ ਪ੍ਰਚਾਰ ਦੇ ਨੀਤੀਘਾੜੇ ਅਤੇ ਮੁੱਖ ਮੰਤਰੀ ਦਫ਼ਤਰ ਵਿਚ ਬਤੌਰ ਸਿਆਸੀ ਸਲਾਹਕਾਰ ਕਪਤਾਨ ਸੰਦੀਪ ਸੰਧੂ ਦਾ ਕਹਿਣਾ ਹੈ

ਕਿ ਸ਼ਾਹਕੋਟ ਦੇ 70 ਹਜ਼ਾਰ ਤੋਂ ਵੱਧ ਬਾਲਮੀਕੀ, ਮਜ੍ਹਬੀ, ਰਾਇ ਸਿੱਖ ਹੋਰ ਅਨੁਸੂਚਿਤ ਜਾਤੀਆਂ ਦੇ ਵੋਟਰਾਂ, 40 ਹਜ਼ਾਰ ਦੇ ਕਰੀਬ ਕੰਬੋਜ ਵੋਟਰਾਂ, ਬਾਕੀ 60 ਹਜ਼ਾਰ ਜੱਟ, ਬ੍ਰਾਹਮਣ, ਹੋਰ ਹਿੰਦੂ ਗ਼ਰੀਬ, ਸਿੱਖ ਵੋਟਰਾਂ ਦੀਆਂ ਕਈ ਸਾਮਾਜਕ, ਵਿਦਿਅਕ, ਸਿਹਤ ਸਬੰਧੀ, ਆਰਥਕ ਲੋੜਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਦਾ ਬਰਾਬਰ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਗਲਾ ਟੀਚਾ 10 ਮਹੀਨੇ ਬਾਅਦ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਜਿਤਣਾ ਹੈ।