ਕੇਂਦਰ ਸਰਕਾਰ ਨੂੰ ਮਨਰੇਗਾ ਤਹਿਤ ਫੰਡ ਜਾਰੀ ਕਰਨ ਸਬੰਧੀ ਤ੍ਰਿਪਤ ਬਾਜਵਾ ਨੇ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

128 ਕਰੋੜ ਰੁਪਏ ਮਟੀਰੀਅਲ ਦੇਣਦਾਰੀਆਂ ਅਤੇ 103 ਕਰੋੜ ਰੁਪਏ ਮਜ਼ਦੂਰੀ ਦੇਣਦਾਰੀਆਂ ਕੇਂਦਰ ਵੱਲ ਬਕਾਇਆ

Tripat Rajinder Singh Bajwa

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਦੇ ਪੇਂਡੂ ਵਿਕਾਸ, ਪੰਚਾਇਤੀ ਰਾਜ ਅਤੇ ਖਣਨ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਨੂੰ ਸੂਬੇ ਦੀਆਂ ਮਟੀਰੀਅਲ ਅਤੇ ਮਜ਼ਦੂਰੀ ਸਬੰਧੀ ਮਨਰੇਗਾ ਅਧੀਨ ਕੇਂਦਰ ਵੱਲ ਬਕਾਇਆ ਪਈਆਂ ਦੇਣਦਾਰੀਆਂ ਦਾ ਭੁਗਤਾਨ ਤੁਰਤ ਕਰਨ ਲਈ ਚਿੱਠੀ ਲਿਖੀ ਹੈ। ਬਾਜਵਾ ਨੇ ਅਪਣੀ ਚਿੱਠੀ ਵਿਚ ਕਿਹਾ ਕਿ ਪੰਜਾਬ ਦੀਆਂ ਮਟੀਰੀਅਲ ਸਬੰਧੀ 128 ਕਰੋੜ ਰੁਪਏ ਦੀਆਂ ਦੇਣਦਾਰੀਆਂ ਲੰਬਿਤ ਪਈਆਂ ਹਨ, ਜਿਸ ਲਈ ਕੇਂਦਰ ਸਰਕਾਰ ਤੋਂ ਫੰਡਾਂ ਦੀ ਉਡੀਕ ਹੈ।

ਉਨ੍ਹਾਂ ਕਿਹਾ ਕਿ ਦੂਜੀ ਕਿਸ਼ਤ ਦੇ ਫੰਡ ਰਿਲੀਜ਼ ਕਰਨ ਲਈ ਮਤਾ ਭਾਰਤ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਪਰ ਇਸ ਸਬੰਧ ਵਿਚ ਹੁਣ ਤੱਕ ਸੂਬੇ ਨੂੰ ਸਿਰਫ਼ 8.97 ਕਰੋੜ ਰੁਪਏ ਦੀ ਰਾਸ਼ੀ ਹੀ ਪ੍ਰਾਪਤ ਹੋਈ ਹੈ। ਬਾਜਵਾ ਨੇ ਅੱਗੇ ਕਿਹਾ ਕਿ 14.11.18 ਤੋਂ ਹੁਣ ਤੱਕ ਭਾਰਤ ਸਰਕਾਰ ਵੱਲ ਮਜ਼ਦੂਰੀ ਦੇ ਭੁਗਤਾਨ ਨਾਲ ਸਬੰਧਤ 103 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਬਕਾਇਆ ਹਨ। ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ ਕਾਮਯਾਬ ਬਣਾਉਣ ਲਈ ਸੂਬਾ ਸਰਕਾਰ ਨਿਰੰਤਰ ਯਤਨਸ਼ੀਲ ਹੈ ਅਤੇ ਯੋਗ ਵਿਅਕਤੀਆਂ ਤੱਕ ਪਹੁੰਚ ਬਣਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਸਰਕਾਰ ਪਾਣੀਆਂ ਦੀ ਸਮੱਸਿਆ ਹੱਲ ਕਰਨ ਲਈ ਵੀ ਸੁਹਿਰਦਤਾ ਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ। ਬਾਜਵਾ ਨੇ ਅਪਣੀ ਚਿੱਠੀ ਵਿਚ ਕਿਹਾ ਕਿ ਲੰਬਿਤ ਪਈਆਂ ਮਟੀਰੀਅਲ ਦੇਣਦਾਰੀਆਂ ਅਤੇ ਮਜ਼ਦੂਰੀ ਸਬੰਧੀ ਭੁਗਤਾਨ ਵਿਚ ਹੋਈ ਦੇਰੀ ਕਾਰਨ ਵਿਭਾਗ ਦੀ ਮੇਰੀ ਟੀਮ ਅਤੇ ਸਕੀਮ ਅਧੀਨ ਕੰਮ ਕਰ ਰਹੇ ਲਾਭਪਾਤਰੀਆਂ ਵਿਚ ਨਿਰਾਸ਼ਾ ਤੇ ਉਦਾਸੀਣਤਾ ਦੇਖੀ ਜਾ ਰਹੀ ਹੈ। 

ਤ੍ਰਿਪਤ ਬਾਜਵਾ ਨੇ ਕੇਂਦਰੀ ਮੰਤਰੀ ਅੱਗੇ ਸਬੰਧਤ ਅਧਿਕਾਰੀਆਂ ਨੂੰ ਮਜ਼ਦੂਰੀ ਦੇ ਭੁਗਤਾਨ ਲਈ 103 ਕਰੋੜ ਤੇ ਮਟੀਰੀਅਲ ਦੇਣਦਾਰੀਆਂ ਅਤੇ 128 ਕਰੋੜ ਰੁਪਏ ਮਜ਼ਦੂਰੀ ਦੀਆਂ ਦੇਣਦਾਰੀਆਂ ਤੁਰਤ ਜਾਰੀ ਕਰਨ ਲਈ ਬੇਨਤੀ ਕੀਤੀ ਹੈ।