ਜਾਅਲੀ ਦਵਾਈਆਂ ਦੀ ਜਾਂਚ ਕਰਨ ਪੁੱਜੇ ਸਿੱਖ ਫੀਲਡ ਅਫ਼ਸਰ ਦੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ

Sikh field officer beaten up for fake drugs investigation

 ਦਿਆਲਪੁਰਾ- ਤਰਨਤਾਰਨ ਕਸਬਾ ਦਿਆਲਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਖੇਤੀ ਸਟੋਰ ’ਤੇ ਨਕਲੀ ਦਵਾਈਆਂ ਦੀ ਸੂਚਨਾ ਮਿਲਣ ’ਤੇ ਪਹੁੰਚੇ ਸੁਜੰਟਾ ਕੰਪਨੀ ਦੇ ਏਰੀਆ ਮੈਨੇਜਰ ਅਤੇ ਹੋਰ ਅਧਿਕਾਰੀਆਂ ਨਾਲ ਦੁਕਾਨ ਦੇ ਮਾਲਕ ਅਤੇ ਉਸ ਦੇ ਸਾਥੀਆਂ ਨੇ ਕੁੱਟਮਾਰ ਕਰਦਿਆਂ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਕੁੱਝ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ। ਜਿਨ੍ਹਾਂ ਸਾਹਮਣੇ ਇਹ ਸਭ ਕੁੱਝ ਹੋਇਆ। ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਇਸ ਘਟਨਾ ਦਾ ਵਿਰੋਧ ਕੀਤਾ ਗਿਆ। 

ਜਿਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਆਗੂ ਸਬੰਧਤ ਸਿੱਖ ਮੈਨੇਜਰ ਨੂੰ ਨਾਲ ਲੈ ਕੇ ਤਰਨ ਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ। ਇਸ ਮੌਕੇ ਬੋਲਦਿਆਂ ਸਤਿਕਾਰ ਕਮੇਟੀ ਦੇ ਆਗੂਆਂ ਨੇ ਪੁਲਿਸ ਦੀ ਹਾਜ਼ਰੀ ਵਿਚ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਸੁਜੰਟਾ ਕੰਪਨੀ ਦੇ ਫੀਲਡ ਅਫਸਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਕੰਪਨੀ ਦੇ ਏਰੀਆ ਮੈਨੇਜਰ ਰਾਹੁਲ ਚੌਧਰੀ ਨੇ ਫੋਨ ’ਤੇ ਦੱਸਿਆ ਕਿ ਬਾਬਾ ਦੀਪ ਸਿੰਘ ਪੈਸਟੀਸਾਈਡ ਦਿਆਲਪੁਰਾ ਵਿਖੇ ਸੁਜੰਟਾ ਕੰਪਨੀ ਦੀਆਂ ਜਾਅਲੀ ਦਵਾਈਆਂ ਵਿਕ ਰਹੀਆਂ ਹਨ

ਪਰ ਜਦੋਂ ਮੈਂ ਇੱਥੇ ਪੁੱਜਿਆ ਤਾਂ ਦੁਕਾਨ ਮਾਲਕਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਦਸਤਾਰ ਦੀ ਬੇਅਦਬੀ ਕੀਤੀ। ਦੱਸ ਦਈਏ ਕਿ ਬਾਅਦ ਵਿਚ ਇਹ ਮਾਮਲਾ ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂੰ ਦੇ ਧਿਆਨ ਵਿਚ ਆਉਣ ’ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ’ਤੇ ਪਹੁੰਚ ਕੇ ਜਿੱਥੇ ਦਵਾਈ ਦੇ ਨਮੂਨੇ ਲਏ ਗਏ। ਉਥੇ ਨਾਲ ਹੀ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ, ਜਦਕਿ ਦੁਕਾਨਦਾਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।