ਪਾਕਿਸਤਾਨ ਦੇ ਰੇਲ ਮੰਤਰੀ ਨਾਲ ਲੰਡਨ 'ਚ ਹੋਈ ਕੁੱਟਮਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੋਟਲ 'ਚੋਂ ਬਾਹਰ ਨਿਕਲਦੇ ਹੀ ਲੋਕਾਂ ਨੇ ਵਰਸਾਏ ਘਸੁੰਨ-ਮੁੱਕੇ

Pakistan Railways Minister attacked in London

ਲੰਡਨ: ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਕਸਰ ਵਿਵਾਦਤ ਬਿਆਨ ਦੇ ਕੇ ਸੁਰਖ਼ੀਆਂ ਵਿਚ ਰਹਿਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨਾਲ ਲੰਡਨ ਵਿਚ ਉਸ ਸਮੇਂ ਬੁਰੀ ਹੋ ਗਈ ਜਦੋਂ ਉਹ ਇਕ ਹੋਟਲ ਵਿਚ ਕਰਵਾਏ ਸਮਾਗਮ ਵਿਚ ਸ਼ਾਮਲ ਹੋ ਕੇ ਬਾਹਰ ਨਿਕਲ ਰਹੇ ਸਨ। ਇਸੇ ਦੌਰਾਨ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਅੰਡਿਆਂ ਦੀ ਬਰਸਾਤ ਕਰ ਦਿੱਤੀ ਅਤੇ ਉਨ੍ਹਾਂ ਦੀ ਮਾਰਕੁੱਟ ਵੀ ਕੀਤੀ।

ਭਾਵੇਂ ਕਿ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਹਮਲਾਵਾਰ ਉਥੋਂ ਫ਼ਰਾਰ ਹੋ ਗਏ ਪਰ ਬਾਅਦ ਵਿਚ ਯੂਕੇ ਸਥਿਤ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਸਬੰਧਤ ਸੰਸਥਾ ਪੀਪਲਜ਼ ਯੂਥ ਆਰਗੇਨਾਈਜੇਸ਼ਨ ਯੂਰਪ ਦੇ ਪ੍ਰਧਾਨ ਆਸਿਫ਼ ਅਲੀ ਖ਼ਾਨ ਅਤੇ ਗ੍ਰੇਟਰ ਲੰਡਨ ਮਹਿਲਾ ਵਿੰਗ ਦੀ ਜਨਰਲ ਸਕੱਤਰ ਸਮਾਹ ਨਾਜ਼ ਨੇ ਇਕ ਬਿਆਨ ਜਾਰੀ ਕਰਕੇ ਸ਼ੇਖ਼ ਰਸ਼ੀਦ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

 


 

ਪੀਪੀਪੀ ਆਗੂਆਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸ਼ੇਖ਼ ਰਸ਼ੀਦ ਨੇ ਪਿਛਲੇ ਦਿਨੀਂ ਪੀਪੀਪੀ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਗਾਲਾਂ ਕੱਢੀਆਂ ਸਨ। ਉਨ੍ਹਾਂ ਇਹ ਵੀ ਆਖਿਆ ਕਿ ਸ਼ੇਖ਼ ਰਸ਼ੀਦ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ 'ਤੇ ਸਿਰਫ਼ ਆਂਡੇ ਹੀ ਸੁੱਟੇ ਗਏ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਲੰਡਨ ਦੇ ਪ੍ਰਧਾਨ ਵਹੀਦ ਉਰ ਰਹਿਮਾਨ ਨੇ ਇਸ ਹਮਲੇ ਨੂੰ ਸ਼ਰਮਨਾਕ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। ਅਵਾਮੀ ਮੁਸਲਿਮ ਲੀਗ ਦੇ ਨੇਤਾ ਸਲੀਮ ਸ਼ੇਖ਼ ਨੇ ਵੀ ਹਮਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਕੇਸ ਦਰਜ ਕਰਨ ਦੀ ਗੱਲ ਆਖੀ ਹੈ।

ਸ਼ੇਖ਼ ਰਸ਼ੀਦ ਉਹੀ ਮੰਤਰੀ ਹਨ, ਜਿਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਬਦਲ ਕੇ 'ਖ਼ਾਲਿਸਤਾਨ' ਰੇਲਵੇ ਸਟੇਸ਼ਨ ਕਰ ਦੇਣ। ਉਨ੍ਹਾਂ ਦੇ ਇਸ ਬਿਆਨ ਦਾ ਜਿੱਥੇ ਭਾਰਤ ਵਿਚ ਕਾਫ਼ੀ ਵਿਰੋਧ ਕੀਤਾ ਗਿਆ ਸੀ, ਉਥੇ ਹੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕੀਤੀ ਗਈ ਸੀ।

ਦੱਸ ਦਈਏ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਕਸਰ ਅਪਣੇ ਵਿਵਾਦਤ ਬਿਆਨਾਂ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿਚ ਰਹਿੰਦੇ ਹਨ। ਉਹ ਕਈ ਵਾਰ ਭਾਰਤ ਵਿਰੋਧੀ ਬਿਆਨ ਵੀ ਦੇ ਚੁੱਕੇ ਹਨ। ਹੋਰ ਤਾਂ ਹੋਰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਸ਼ੇਖ਼ ਰਸ਼ੀਦ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਵੀ ਦਿੱਤੀ । 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।