ਹੜ੍ਹ ਪੀੜਤਾਂ ਦੀ ਜ਼ਿੰਦਗੀ ਲੀਹ ’ਤੇ ਆਉਣ ਵਿਚ ਲੱਗੇਗਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰਾਂ ਦਾ ਕੀਮਤੀ ਸਮਾਨ ਡੁੱਬ ਗਿਆ, ਆਟੇ ਦੀਆਂ ਭੜੋਲੀਆਂ ਤੇ ਦਾਣਿਆਂ ਦੇ ਡਰੰਮ ਪਾਣੀ ਪੈ-ਪੈ ਕੇ ਖਰਾਬ ਹੋ ਗਏ,

ਹੜ੍ਹ ਪੀੜਤਾਂ ਦੀ ਜ਼ਿੰਦਗੀ ਲੀਹ ’ਤੇ ਆਉਣ ਵਿਚ ਲੱਗੇਗਾ ਸਮਾਂ

ਕੋਟਕਪੂਰਾ  (ਗੁਰਿੰਦਰ ਸਿੰਘ) : ਹੜ ਪੀੜਤ ਇਲਾਕਿਆਂ ’ਚ ਹਜਾਰਾਂ ਕਰੋੜ ਰੁਪਏ ਦੇ ਹੋਏ ਮਾਲੀ ਨੁਕਸਾਨ ਨੂੰ ਪੀੜਤ ਪਰਿਵਾਰ ਅਤੇ ਬੁੱਧੀਜੀਵੀ ਲੋਕ ਭਾਖੜਾ ਡੈਮ ਦਾ ਹਮਲਾ ਕਰਾਰ ਦੇ ਰਹੇ ਹਨ। ਕਿਉਂਕਿ ਬਿਨ੍ਹਾਂ ਕੋਈ ਅਗਾਊਂ ਸੂਚਨਾ ਦਿੱਤਿਆਂ ਭਾਖੜਾ ਡੈਮ ਦੇ ਅਚਾਨਕ ਛੱਡੇ ਗਏ ਪਾਣੀ ਨੇ ਹੜ ਦਾ ਰੂਪ ਧਾਰਨ ਕਰ ਲਿਆ, ਫਸਲਾਂ ਤਬਾਹ ਕਰ ਦਿੱਤੀਆਂ, ਪਸ਼ੂ-ਡੰਗਰ ਕੁਝ ਪਾਣੀ ’ਚ ਵਹਿ ਗਏ, ਕੁਝ ਸੰਗਲਾਂ ’ਚ ਬੰਨ੍ਹੇ ਹੀ ਡੁੱਬ ਕੇ ਸਰੀਰ ਤਿਆਗ ਗਏ,

ਘਰਾਂ ਦਾ ਕੀਮਤੀ ਸਮਾਨ ਡੁੱਬ ਗਿਆ, ਆਟੇ ਦੀਆਂ ਭੜੋਲੀਆਂ ਤੇ ਦਾਣਿਆਂ ਦੇ ਡਰੰਮ ਪਾਣੀ ਪੈ-ਪੈ ਕੇ ਖਰਾਬ ਹੋ ਗਏ, ਮਰੇ ਜੀਵ-ਜੰਤੂਆਂ ਅਤੇ ਬਰਬਾਦ ਹੋਈਆਂ ਫਸਲਾਂ ਕਾਰਨ ਕਾਲਾ ਹੋ ਚੁੱਕਾ ਪਾਣੀ ਮੁਸ਼ਕ ਮਾਰ ਰਿਹੈ, ਘਰਾਂ ਦੀਆਂ ਨੀਂਹਾਂ ਬੈਠ ਗਈਆਂ, ਕੰਧਾਂ ’ਚ ਤੇੜਾਂ ਪੈ ਗਈਆਂ ਪਰ ਪੰਜਾਬੀਆਂ ਦੇ ਦਿਲ ਵੇਖੋ ਕਿ ਐਨਾ ਕੁਝ ਬਰਬਾਦ ਹੋਣ ਦੇ ਬਾਵਜੂਦ ਅਜੇ ਵੀ ਘਰ ਆਇਆਂ ਦਾ ਹੱਸ ਕੇ ਸਵਾਗਤ ਕਰਦਿਆਂ ਪੁੱਛਦੇ ਹਨ ਕਿ ਤੁਹਾਡੀ ਕੀ ਸੇਵਾ ਕਰੀਏੇ। 

ਜੇਕਰ ਗੱਲ ਕਰੀਏ ਪੀੜਤ ਪਰਿਵਾਰਾਂ ਦਾ ਸਹਾਰਾ ਬਣਨ ਦੀ ਤਾਂ ਖਾਲਸਾ ਏਡ, ਸਿੱਖ ਰਿਲੀਫ, ਬਾਬਾ ਸੀਚੇਵਾਲ, ਸੁਖਜੀਤ ਸਿੰਘ ਖੋਸਾ ਤੇ ਰੁਪਿੰਦਰ ਸਿੰਘ ਪੰਜਗਰਾਈਂ ਦੀ ਟੀਮ, ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਨਰੋਆ ਪੰਜਾਬ ਮੰਚ ਸਮੇਤ ਵੱਖ-ਵੱਖ ਸਮਾਜਸੇਵੀ ਸੰਸਥਾਵਾਂ, ਨੌਜਵਾਨ ਕਲੱਬਾਂ ਵੱਲੋਂ ਬਾਬੇ ਨਾਨਕ ਦੇ ਸਿਧਾਂਤ ’ਤੇ ਚੱਲਦਿਆਂ ਜੋ ਲੰਗਰਾਂ ਦੇ ਹੜ ਲਿਆਂਦੇ ਨੇ, ਉਨ੍ਹਾਂ ਰਸਦਾਂ ਨਾਲ ਲੋੜਵੰਦਾਂ ਦੇ ਪੇਟ ਤਾਂ ਭਰੇ ਹੀ ਭਰੇ ਨੇ, ਉਨਾਂ ਰਸਦਾਂ ਦੇ ਭਰੇ ਥੈਲਿਆਂ ਨਾਲ ਦਰਿਆ ਦੇ ਪਾੜ ਵੀ ਪੂਰੇ ਜਾ ਸਕਦੇ ਨੇ। 

ਪਿੰਡਾਂ ਨੂੰ ਜਾਂਦੇ ਰਸਤਿਆਂ ’ਤੇ ਲੰਗਰ, ਅਚਾਰ, ਸੁੱਕੀਆਂ ਰਸਦਾਂ, ਦਵਾਈਆਂ, ਮਿੱਟੀ ਦੇ ਗੱਟਿਆਂ, ਕੱਪੜੇ ਅਤੇ ਪਸ਼ੂਆਂ ਦੇ ਚਾਰੇ ਤੂੜੀ ਆਦਿ ਲਿਜਾ ਰਹੇ ਵਹੀਕਲਾਂ ਦੇ ਲੰਮੇ-ਲੰਮੇ ਜਾਮ ਵੇਖ ਕੇ ਆਪ-ਮੁਹਾਰੇ ਬਾਬੇ ਨਾਨਕ ਦੇ ਲੰਗਰ ਦਾ ਸਿਧਾਂਤ ਯਾਦ ਆ ਜਾਂਦਾ ਹੈ, ਹੁਣ ਲੋੜ ਹੈ ਕਿ ਸਾਉਣੀ ਦੀ ਫਸਲ ਦੀ ਬਰਬਾਦੀ ਦਾ ਸੰਤਾਪ ਹੰਢਾ ਰਹੇ ਲੋਕਾਂ ਨੂੰ ਪੈਰਾਂ ਸਿਰ ਕਰਨ ਲਈ ਉਨਾਂ ਦੀ ਹਾੜੀ ਦੀ ਫਸਲ ਲਈ ਕਣਕ ਦਾ ਬੀਜ, ਡੀ.ਏ.ਪੀ., ਡੀਜ਼ਲ ਆਦਿ ਦੇ ਲੰਗਰ ਵੀ ਲਾਉਣੇ ਪੈਣਗੇ ਅਤੇ ਮੈਡੀਕਲ ਚੈੱਕਅਪ ਕੈਂਪ,

ਪਾਲਤੂ ਪਸ਼ੂਆਂ ਦੀਆਂ ਬਿਮਾਰੀਆਂ ਦੀ ਜਾਂਚ ਲਈ ਕੈਂਪ, ਲੋੜਵੰਦਾਂ ਨੂੰ ਦਵਾਈਆਂ ਮੁਹੱਈਆ ਕਰਾਉਣੀਆਂ ਆਦਿਕ ਕੰਮ ਅਗਲੇ ਦਿਨਾਂ ’ਚ ਕਰਨੇ ਬਹੁਤ ਜਰੂਰੀ ਹਨ। ਸੋ ਉਸ ਲਈ ਸਮੂਹ ਸੰਸਥਾਵਾਂ ਨੂੰ ਯੋਗ ਵਿਉਂਤਬੰਦੀ ਉਲੀਕ ਕੇ ਇਕ-ਇਕ ਜਾਂ ਦੋ-ਦੋ ਪਿੰਡ ਗੋਦ ਲੈਣ ਅਤੇ ਅਤਿ ਲੋੜਵੰਦਾਂ ਦੀ ਲਿਸਟ ਬਣਾ ਕੇ ਅਪਣਾਉਣ ਦੀ ਵੀ ਸਮਾਂ ਮੰਗ ਕਰਦਾ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।