ਹੜ੍ਹ ਪੀੜਤਾਂ ਦੀ ਮਦਦ ਲਈ ਤਿੰਨ ਮੈਡੀਕਲ ਰਾਹਤ ਵੈਨਾਂ ਭੇਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਣੀ ਦੀਆਂ ਬਿਮਾਰੀਆਂ ਨੂੰ ਰੋਕਣ ਲਈ 2 ਲੱਖ ਕਲੋਰੀਨ ਦੀਆਂ ਗੋਲੀਆਂ ਵੀ ਭੇਜੀਆਂ

3 Medical Relief Vans dispatched for the flood affected areas

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਹੜ੍ਹ ਪ੍ਰਭਾਵਤ ਇਲਾਕਿਆਂ ਲਈ ਤਿੰਨ ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ। ਇਨ੍ਹਾਂ ਵੈਨਾਂ ਵਿਚ ਮੈਡੀਕਲ ਸਪੈਸ਼ਲਿਸਟ, ਚਮੜੀ ਰੋਗਾਂ ਦੇ ਮਾਹਿਰ ਅਤੇ ਗਾਇਨੀ ਦੇ ਮੈਡੀਕਲ ਅਫਸਰਾਂ ਤੋਂ ਇਲਾਵਾ ਪੈਰਾ-ਮੈਡੀਕਲ ਸਟਾਫ਼ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਹਨ।

ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਇਹ ਮੈਡੀਕਲ ਰਾਹਤ ਵੈਨਾਂ ਰੋਪੜ, ਜਲੰਧਰ ਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੀੜਤ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਨਾਉਣਗੀਆਂ ਜਿਸ ਲਈ ਵੈਨਾਂ ਦੇ ਨਾਲ ਸਪੈਸ਼ਲਿਸਟਾਂ ਡਾਕਟਰਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੈਡੀਕਲ ਕੈਂਪਾਂ ਵਿਚ ਮਿਲਣ ਵਾਲੀਆਂ ਦਵਾਈਆਂ ਤੋਂ ਇਲਾਵਾ ਹਰ ਵੈਨ ਵਿਚ 5000 ਵਿਅਕਤੀਆਂ ਅਤੇ ਲਗਭਗ 2000 ਬੱਚਿਆਂ ਨੂੰ ਇਲਾਜ ਸੁਵਿਧਾਵਾਂ ਦੇਣ ਲਈ ਵੱਖ-ਵੱਖ ਦਵਾਈਆਂ ਅਤੇ ਪਾਣੀ ਦੀਆਂ ਬਿਮਾਰੀਆਂ ਨੂੰ ਰੋਕਣ ਲਈ 2 ਲੱਖ ਕਲੋਰੀਨ ਦੀਆਂ ਗੋਲੀਆਂ ਵੀ ਭੇਜੀਆਂ ਗਈਆਂ ਹਨ।

ਸਿਹਤ ਮੰਤਰੀ ਨੇ ਮੈਡੀਕਲ ਕੈਂਪਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ 18 ਤੋਂ 28 ਅਗਸਤ ਤੱਕ ਮੈਡੀਕਲ ਕੈਂਪਾਂ ਵਿਚ ਲਗਭਗ 17,000 ਮਰੀਜਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਮਰੀਜਾਂ ਵਿਚ ਪਾਏ ਗਏ ਬੁਖਾਰ, ਦਸਤ, ਉਲਟੀਆਂ, ਚਮੜ੍ਹੀ ਅਤੇ ਹੋਰ ਰੋਗਾਂ ਸਬੰਧੀ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੱਪਾਂ ਦੇ ਡੰਗਣ, ਕੁੱਤਿਆਂ ਦੇ ਵੱਡਣ ਤੇ ਹੋਰ ਜਾਨਵਰਾਂ ਦੇ ਕੱਟਣ ’ਤੇ ਬਚਾੳ ਲਈ ਵੈਕਸੀਨ ਵੀ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।

ਸਿਹਤ ਮੰਤਰੀ ਨੇ ਦਸਿਆ ਕਿ ਹੜ੍ਹਾਂ ਕਾਰਨ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਪੁਖਤਾ ਢੰਗ ਨਾਲ ਨਿਪਟਣ ਲਈ 74 ਵੈਕਟਰ ਬੋਰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਖੜੇ ਪਾਣੀ ਵਾਲੀਆਂ ਥਾਵਾਂ ’ਤੇ ਲਾਰਵੀਸਾਈਡ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰਾਂ ਤੇ ਪਿੰਡਾਂ ਵਿਚ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗ ਨਾਲ ਮਿਲ ਕੇ ਸੰਯੁਕਤ ਰੂਪ ਵਿਚ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਭਾਵਿਤ ਜਿਲ੍ਹਿਆਂ ਦੇ ਵਿੱਚ ਪੀਣ ਦੇ ਪਾਣੀ ਦੇ ਤੁਰੰਤ ਸੈਂਪਲ ਲੈਣ ਲਈ ਹਦਾਇਤਾ ਵੀ ਜਾਰੀ ਕੀਤੀ ਗਈ ਹੈ।

ਸਿੱਧੂ ਨੇ ਦਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਲਗਭਗ 60 ਲੱਖ ਕਲੋਰੀਨ ਦੀਆਂ ਗੋਲੀਆ ਖਰੀਦੀਆਂ ਗਈਆ ਸਨ ਤੇ ਹੁਣ ਹੜਾਂ ਦੀ ਸਥਿਤੀ ਨੂੰ ਵੇਖਦਿਆਂ 17 ਲੱਖ ਹੋਰ ਕਲੋਰੀਨ ਦੀਆਂ ਗੋਲੀਆਂ ਦੀ ਖਰੀਦ ਕੀਤੀ ਗਈ ਹੈ। ਦੂਸ਼ਿਤ ਪਾਣੀ ਤੋਂ ਹੋਣ ਵਾਲੀਆ ਬੀਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।