ਦਿੱਲੀ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ ਟਰੇਨ ਦਾ ਨਾਂ ਰੱਖਿਆ, “ਸਰਬੱਤ ਦਾ ਭਲਾ ਐਕਸਪ੍ਰੈਸ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਸਥਾਨ ਸੁਲਤਾਨਪੁਰ...

Sultanpur Lodhi

ਬਠਿੰਡਾ: ਕੇਂਦਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਸਥਾਨ ਸੁਲਤਾਨਪੁਰ ਲੋਧੀ ਜਾਣ ਵਾਲੀ ਰੇਲ ਗੱਡੀ ਦਾ ਨਾਮ 'ਸਰਬੱਤ ਦਾ ਭਲਾ ਐਕਸਪ੍ਰੈੱਸ' ਰੱਖਣ ਦਾ ਐਲਾਨ ਕੀਤਾ ਹੈ। ਇਹ ਰੇਲ ਗੱਡੀ ਦਿੱਲੀ ਤੋਂ ਲੋਹੀਆ ਖਾਸ ਤਕ ਵਾਇਆ ਸੁਲਤਾਨਪੁਰ ਲੋਧੀ ਹੋ ਕੇ ਜਾਂਦੀ ਹੈ। ਕੇਂਦਰ ਸਰਕਾਰ ਨੇ ਉਕਤ ਰੇਲ ਗੱਡੀ ਦਾ ਨਾਂਅ ਸਰਬੱਤ ਦਾ ਭਲਾ ਐਕਸਪ੍ਰੈੱਸ ਰੱਖੇ ਜਾਣ ਲਈ ਬਕਾਇਦਾ ਪੱਤਰ ਜਾਰੀ ਕੀਤਾ ਹੈ। ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਆਪਣੇ ਇਸ ਟਵੀਟ ਦੇ ਨਾਲ-ਨਾਲ ਮਨਿਸਟਰੀ ਆਫ਼ ਰੇਲਵੇ ਵੱਲੋਂ ਜਾਰੀ ਕੀਤਾ ਪੱਤਰ ਵੀ ਜਨਤਕ ਕੀਤਾ ਹੈ, ਜਿਸ 'ਚ ਉਕਤ ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ ਦਾ ਨਾਮ ਸਰਬੱਤ ਦਾ ਭਲਾ ਐਕਸਪ੍ਰੈੱਸ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਪੱਤਰ ਉੱਪਰ ਰੇਲਵੇ ਦੇ ਜੁਆਇੰਟ ਡਾਇਰੈਕਟਰ ਅਜੇ ਪ੍ਰਤਾਪ ਸਿੰਘ ਦੇ ਦਸਤਖਤ ਹਨ। ਬਾਦਲ ਨੇ ਇਸ ਵਿਸ਼ੇਸ਼ ਰੇਲਗੱਡੀ ਦਾ ਨਾਮ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੱਖਣ ਲਈ ਭਾਰਤ ਦੇ ਰੇਲ ਮੰਤਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਯੂਸ਼ ਗੋਇਲ ਨੇ ਉਨ੍ਹਾਂ ਦੀ ਬੇਨਤੀ 'ਤੇ ਇਸ ਰੇਲ ਗੱਡੀ ਦਾ ਨਾਂਅ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਰੇਲ ਗੱਡੀ ਦਾ ਨਾਮ ਸਰਬੱਤ ਦਾ ਭਲਾ ਐਕਸਪ੍ਰੈੱਸ ਰੱਖ ਕੇ ਕੇਂਦਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਵਾਲਾ ਸਿਧਾਂਤ ਅਪਣਾਉਣ ਦੀ ਪ੍ਰੇਰਨਾ ਦਿੱਤੀ ਹੈ। ਇਸ ਤੋਂ ਪਹਿਲਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦਾ ਰੇਲ ਮੰਤਰਾਲਾ ਪਹਿਲਾਂ ਹੀ 14 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ ਵੀ ਕਰ ਚੁੱਕਾ ਹੈ। ਇਹ ਵਿਸ਼ੇਸ਼ ਰੇਲਗੱਡੀਆਂ 1 ਨਵੰਬਰ, 2019 ਤੋਂ ਚੱਲਣ ਲੱਗ ਪੈਣਗੀਆਂ। ਇਸ ਵਾਰ ਦਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਨ ਲਈ ਇਕ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ ਵੀ ਕੀਤਾ ਹੈ। ਇਸ ਤਰ੍ਹਾਂ ਸ਼੍ਰੀ ਅੰਮਿ੍ਰਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਤੇ ਫ਼ਿਰੋਜ਼ਪੁਰ-ਪਟਨਾ ਐਕਸਪ੍ਰੈਸ ਰੇਲ ਗੱਡੀ ਚਲਾਉਣ ਦਾ ਵੀ ਰੇਲਵੇ ਨੇ ਫ਼ੈਸਲਾ ਕੀਤਾ ਹੈ।