ਦਿਵਾਲੀ ਤੋਂ ਪਹਿਲਾਂ ਪਟਿਆਲਾ ਬੱਸ ਸਟੈਂਡ ਨੇੜੇ ਬੰਬ ਧਮਾਕਾ ਕਰਨ ਦੀ ਫ਼ਿਰਾਕ ‘ਚ ਅਤਿਵਾਦੀ ਗ੍ਰਿਫ਼ਤਾਰ
ਪਟਿਆਲਾ ਪੁਲਿਸ ਦੁਆਰਾ ਵੀਰਵਾਰ ਨੂੰ ਫੜੇ ਗਏ ਖਾਲਿਸਤਾਨ ਗਦਰ ਫੋਰਸ ਦੇ ਅਤਿਵਾਦੀ ਸ਼ਬਨਮਦੀਪ ਸਿੰਘ ਨੇ ਪੁਲਿਸ...
ਪਟਿਆਲਾ (ਪੀਟੀਆਈ) : ਪਟਿਆਲਾ ਪੁਲਿਸ ਦੁਆਰਾ ਵੀਰਵਾਰ ਨੂੰ ਫੜੇ ਗਏ ਖਾਲਿਸਤਾਨ ਗਦਰ ਫੋਰਸ ਦੇ ਅਤਿਵਾਦੀ ਸ਼ਬਨਮਦੀਪ ਸਿੰਘ ਨੇ ਪੁਲਿਸ ਪੁੱਛਗਿਛ ਦੇ ਪਹਿਲੇ ਦਿਨ ਹੀ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਦਿਵਾਲੀ ਤੋਂ ਪਹਿਲਾਂ ਪਟਿਆਲਾ ਬੱਸ ਸਟੈਂਡ ਦੇ ਆਸ ਪਾਸ ਭੀੜ-ਭਾੜ ਵਾਲੇ ਇਲਾਕੇ ਵਿਚ ਗ੍ਰੇਨੇਡ ਸੁੱਟ ਕੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ।
ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਵਿਦੇਸ਼ੀ ਵਿਅਕਤੀਆਂ ਦੇ ਸੰਪਰਕ ਵਿਚ ਸੀ ਅਤੇ ਉਸ ਨੂੰ ਦਿਵਾਲੀ ਤੋਂ ਪਹਿਲਾਂ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ। ਉਸ ਨੇ ਦੱਸਿਆ ਕਿ ਗ੍ਰੇਨੇਡ ਹਮਲੇ ਦੀ ਘਟਨਾ ਨੂੰ ਅੰਜਾਮ ਦੇਣ ‘ਤੇ ਉਸ ਨੂੰ 10 ਲੱਖ ਰੁਪਏ ਮਿਲਣੇ ਸਨ। ਐਸਐਸਪੀ ਨੇ ਦੱਸਿਆ ਕਿ ਖਾਲਿਸਤਾਨ ਗਦਰ ਫੋਰਸ ਦੇ ਸਟਿੱਕਰ ਅਤੇ ਲੈਟਰਪੈਡ ਉਸ ਨੇ ਅਤੇ ਗੁਰਸੇਵਕ ਸਿੰਘ ਨੇ ਹਰਿਆਣੇ ਦੇ ਚੀਕਾ ਤੋਂ ਪ੍ਰਿੰਟ ਕਰਵਾਏ ਸਨ।
ਪ੍ਰੈਸ ਕੰਨਫਰੈਂਸ ਵਿਚ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਗੋਪਾਲ ਸਿੰਘ ਚਾਵਲਾ ਜੋ ਕਿ ਪਾਕਿਸਤਾਨ ਗੁਰਦੁਆਰਾ ਐਸਜੀਪੀਸੀ ਨਾਲ ਸਬੰਧਤ ਹੈ ਨੇ ਅਤਿਵਾਦੀ ਸ਼ਬਨਮਦੀਪ ਸਿੰਘ ਨੂੰ ਦਿਵਾਲੀ ਤੋਂ ਪਹਿਲਾਂ ਘਟਨਾ ਨੂੰ ਅੰਜਾਮ ਦੇਣ ਸੋਸ਼ਲ ਮੀਡੀਆ ਦੁਆਰਾ ਪਕਿਸਤਾਨ ਵਿਚ ਸਥਿਤ ਗੁਰਦੁਆਰਾ ਸ਼੍ਰੀ ਨਨਕਾਨਾ ਸਹਿਬ ਦੇ ਸਿੱਧੇ ਦਰਸ਼ਨ ਕਰਵਾ ਕੇ ਮਿਸ਼ਨ ਪੂਰਾ ਕਰਨ ਲਈ ਕਿਹਾ ਸੀ।
ਐਸਐਸਪੀ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਨੇ ਜਿਸ ਗ੍ਰੇਨੇਡ ਨਾਲ ਪਟਿਆਲਾ ਵਿਚ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਵਿਦੇਸ਼ ਤੋਂ ਵਾਟਸਐਪ ਦੁਆਰਾ ਆਈਆਂ ਫੋਟੋਆਂ ਦੇ ਆਧਾਰ ‘ਤੇ ਉਸ ਨੇ ਖੰਨਾ-ਦੁਰਾਹਾ ਨਜ਼ਦੀਕ ਰਾਸ਼ਟਰੀ ਰਸਤੇ ‘ਤੇ ਸਾਇਨਬੋਰਡ ਦੇ ਨਜ਼ਦੀਕ ਜ਼ਮੀਨ ਵਿਚ ਦਬਿਆ ਹੋਇਆ ਪ੍ਰਾਪਤ ਕੀਤਾ ਸੀ। ਇਸ ਨੂੰ ਚਲਾਉਣ ਲਈ ਸਿਖਲਾਈ ਯੂ ਟਿਊਬ ਮਾਧਿਅਮ ਤੋਂ ਲਈ ਸੀ।
ਐਸਐਸਪੀ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਦੀ ਨਿਸ਼ਾਨਦੇਹੀ ‘ਤੇ ਉਸ ਦੇ ਸਾਥੀ ਗੁਰਸੇਵਕ ਸਿੰਘ ਨਿਵਾਸੀ ਰਤਨਗੜ ਦਿੜਬਾ ਜ਼ਿਲ੍ਹਾ ਸੰਗਰੂਰ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਗੁਰਸੇਵਕ ਨੂੰ ਪਿਛਲੇ ਦਿਨੀਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਕੁੱਝ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਅਜੇ ਪੁਲਿਸ ਰਿਮਾਂਡ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸ਼ਬਨਮਦੀਪ ਅਤੇ ਗੁਰਸੇਵਕ ਸਿੰਘ ਦੋਵੇਂ ਹੀ ਪਾਠੀ ਦਾ ਕੰਮ ਕਰਦੇ ਸਨ।
ਸ਼ਬਨਮਦੀਪ ਨੂੰ ਗੁਰਸੇਵਕ ਦੇ ਫੜੇ ਜਾਣ ਦੀ ਖ਼ਬਰ ਨਹੀਂ ਸੀ ਅਤੇ ਉਹ ਉਸ ਦੀ ਤਲਾਸ਼ ਕਰ ਰਿਹਾ ਸੀ ਜਦੋਂ ਕਿ ਉਸ ਦੇ ਮਾਲਿਕ ਉਸ ਉਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਦਬਾਅ ਬਣਾ ਰਹੇ ਸਨ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਗੁਰਸੇਵਕ ਦਾ ਇਕ ਰਿਸ਼ਤੇਦਾਰ ਵੀ ਉਸ ਦੇ ਇਸ ਕੰਮ ਵਿਚ ਸਹਿਯੋਗ ਦੇਣ ਲਈ ਤਿਆਰ ਸੀ। ਗੁਰਸੇਵਕ ਦੀ ਡਕੈਤੀ ਮਾਮਲੇ ‘ਚ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਇਸ ਮਾਮਲੇ ਵਿਚ ਰਿਮਾਂਡ ‘ਤੇ ਲਿਆ ਜਾਵੇਗਾ।