ਪੁਲਿਸ ਹਿਰਾਸਤ ‘ਚ ਕਾਂਗਰਸ ਐਸਸੀ ਵਿੰਗ ਦੇ ਵਾਰਡ ਪ੍ਰਧਾਨ ਦੀ ਮੌਤ ਕਾਰਨ ਗਰਮਾਏ ਲੋਕ
ਅੰਮ੍ਰਿਤਸਰ ਵਿਚ ਐਤਵਾਰ ਰਾਤ ਗੁੱਸੇ ਵਿਚ ਆਏ ਲੋਕਾਂ ਦੀ ਭੀੜ ਨੇ ਪੁਲਿਸ ਉਤੇ ਹਮਲਾ ਕਰ ਦਿਤਾ। ਇਹ ਲੋਕ ਥਾਣਾ ਗੇਟ ਹਕੀਮਾਂ ਵਿਚ ਪੁਲਿਸ...
ਅੰਮ੍ਰਿਤਸਰ (ਸਸਸ) : ਅੰਮ੍ਰਿਤਸਰ ਵਿਚ ਐਤਵਾਰ ਰਾਤ ਗੁੱਸੇ ਵਿਚ ਆਏ ਲੋਕਾਂ ਦੀ ਭੀੜ ਨੇ ਪੁਲਿਸ ਉਤੇ ਹਮਲਾ ਕਰ ਦਿਤਾ। ਇਹ ਲੋਕ ਥਾਣਾ ਗੇਟ ਹਕੀਮਾਂ ਵਿਚ ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ ਹੋ ਜਾਣ ਨਾਲ ਭੜਕੇ ਸਨ। ਇੱਟ-ਪੱਥਰਾਂ ਨਾਲ ਹੋਏ ਇਸ ਹਮਲੇ ਵਿਚ 2 ਪੁਲਿਸ ਵਾਲੇ ਜ਼ਖ਼ਮੀ ਹੋਏ ਹਨ। ਦੋਸ਼ ਹੈ ਕਿ ਦੇਰ ਸ਼ਾਮ ਪੁਲਿਸ ਨੇ ਨੌਜਵਾਨ ਨੂੰ ਘਰ ਆ ਕੇ ਜ਼ਬਰਨ ਹਿਰਾਸਤ ਵਿਚ ਲੈ ਲਿਆ ਸੀ। ਫਿਰ ਲਗਭੱਗ ਡੇਢ ਘੰਟੇ ਬਾਅਦ ਉਸ ਦੀ ਸਿਹਤ ਵਿਗੜ ਜਾਣ ਦੀ ਸੂਚਨਾ ਦਿਤੀ ਗਈ।
ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਨੌਜਵਾਨ ਦੇ ਪਰਵਾਰ ਮੈਂਬਰਾਂ ਅਤੇ ਹੋਰ ਲੋਕਾਂ ਦਾ ਇਲਜ਼ਾਮ ਹੈ ਕਿ ਉਸ ਦੀ ਮੌਤ ਪੁਲਿਸ ਵਲੋਂ ਟਾਰਚਰ ਕਰਨ ਨਾਲ ਹੋਈ ਹੈ। ਇਥੋਂ ਤੱਕ ਕਿ ਬਾਅਦ ਵਿਚ ਉਸ ਦਾ ਪੋਸਟਮਾਰਟਮ ਵੀ ਨਹੀਂ ਕਰਵਾਉਣ ਦਿਤਾ। ਇਸ ਤੋਂ ਭੜਕੇ ਲੋਕ ਥਾਣੇ ਨੂੰ ਘੇਰਾ ਪਾ ਕੇ ਪੁਲਿਸ ਦੇ ਖਿਲਾਫ਼ ਨਾਅਰੇਬਾਜੀ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਉਤੇ ਲਾਠੀ ਚਾਰਜ ਕੀਤਾ।
ਮ੍ਰਿਤਕ ਦੀ ਪਹਿਚਾਣ ਸੁਲਤਾਨਵਿੰਡ ਦੇ ਰਹਿਣ ਵਾਲੇ ਬਿੱਟੂ ਸ਼ਾਹ ਦੇ ਰੂਪ ਵਿਚ ਹੋਈ ਹੈ, ਜੋ ਕਾਂਗਰਸ ਐਸਸੀ ਵਿੰਗ ਦਾ ਵਾਰਡ ਪ੍ਰਧਾਨ ਅਤੇ ਹਲਕਾ ਦੱਖਣ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆ ਦਾ ਨਜ਼ਦੀਕੀ ਸੀ। ਉਸ ਦੇ ਤਿੰਨ ਬੱਚਿਆਂ ਵਿਚ ਦੋ ਬੇਟੇ ਅਤੇ ਇਕ ਬੇਟੀ ਹੈ। ਬਿੱਟੂ ਦੇ ਭਤੀਜੇ ਚਾਂਦ ਭੱਟੀ ਨੇ ਦੱਸਿਆ ਕਿ ਪੁਲਿਸ ਇਲਾਕੇ ਵਿਚ ਕਿਸੇ ਨੂੰ ਚੁੱਕਣ ਆਈ ਸੀ। ਬਿੱਟੂ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਉਤੇ ਪਹੁੰਚ ਗਿਆ ਅਤੇ ਉਸ ਨੇ ਪੁਲਿਸ ਨੂੰ ਉਸ ਨੂੰ ਘਰ ਤੋਂ ਚੁੱਕਣ ਦਾ ਕਾਰਨ ਪੁੱਛਿਆ
ਤਾਂ ਪੁਲਿਸ ਬਿੱਟੂ ਨੂੰ ਵੀ ਬਿਨਾਂ ਪਰਵਾਰ ਨੂੰ ਜਾਣਕਾਰੀ ਦਿਤੇ ਅਪਣੇ ਨਾਲ ਲੈ ਗਈ। ਫਿਰ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਥਾਣੇ ਤੋਂ ਫ਼ੋਨ ਆਇਆ ਕਿ ਬਿੱਟੂ ਦੀ ਹਾਲਤ ਖ਼ਰਾਬ ਹੈ, ਤੁਸੀ ਥਾਣੇ ਆ ਜਾਓ। ਜਦੋਂ ਪਰਵਾਰ ਥਾਣੇ ਪਹੁੰਚਿਆ ਤਾਂ ਉੱਥੇ ਬਿੱਟੂ ਦੀ ਲਾਸ਼ ਪਈ ਸੀ। ਇਸ ਤੋਂ ਬਾਅਦ ਜਿਵੇਂ ਹੀ ਉਸ ਦੀ ਮੌਤ ਦੀ ਸੂਚਨਾ ਇਲਾਕੇ ਵਿਚ ਪਹੁੰਚੀ ਤਾਂ ਵੇਖਦੇ ਹੀ ਵੇਖਦੇ ਲੋਕਾਂ ਦੀ ਭੀੜ ਥਾਣੇ ਦੇ ਬਾਹਰ ਇਕੱਠੀ ਹੋ ਗਈ। ਇਸ ਦੌਰਾਨ ਪਰਵਾਰ ਨੇ ਇਲਜ਼ਾਮ ਲਗਾਏ ਕਿ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਟਾਰਚਰ ਕੀਤਾ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਤੋਂ ਤੁਰਤ ਬਾਅਦ ਭੀੜ ਭੜਕ ਗਈ ਅਤੇ ਥਾਣੇ ਉਤੇ ਇੱਟ-ਪੱਥਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ। ਲੋਕਾਂ ਨੇ ਕਈ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿਤੇ, ਉਥੇ ਹੀ ਦੱਸਿਆ ਗਿਆ ਹੈ ਕਿ ਪਥਰਾਅ ਦੇ ਕਾਰਨ ਇਕ ਸਬ ਇਨਸਪੈਕਟਰ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਕਿਸੇ ਤਰ੍ਹਾਂ ਭੀੜ ਨੂੰ ਸ਼ਾਂਤ ਕੀਤਾ ਗਿਆ ਅਤੇ ਬਿੱਟੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਇਸ ਮਾਮਲੇ ਨੂੰ ਲੈ ਕੇ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਬਿੱਟੂ ਸ਼ਾਹ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਫ਼ਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੋਸਟਮਾਰਟਮ ਹੋਣ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ ਕਿ ਉਸ ਦੀ ਮੌਤ ਕਿਵੇਂ ਹੋਈ ਹੈ। ਬਿੱਟੂ ਦੇ ਪਰਵਾਰ ਅਤੇ ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਥਰਾਅ ਵਿਚ ਇਕ ਸਬ ਇਨਸਪੈਕਟਰ ਸਮੇਤ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ।