ਪੰਜਾਬ 'ਚ ਫਿਰ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦੋਸ਼ੀ ਕਾਬੂ
ਪਿੰਡ ਰਾਮਗੜ੍ਹ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ...
ਚੰਡੀਗੜ੍ਹ : ਪਿੰਡ ਰਾਮਗੜ੍ਹ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਅਤੇ ਪਾਲਕੀ ਸਾਹਿਬ ਨੂੰ ਤੋੜਿਆ। ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰਪਰਸਤ ਭਰਭੂਰ ਸਿੰਘ ਪੁੱਤਰ ਟਹਿਲ ਸਿੰਘ ਨੇ ਦੱਸਿਆ ਕਿ ਮੋਰਿੰਡਾ ਚਮਕੌਰ ਸਾਹਿਬ ਰੋਡ ਤੇ ਸਥਿਤ ਪਿੰਡ ਰਾਮਗੜ ਵਿਖੇ ਨਵੇ ਗੁਰਦੁਆਰਾ ਸਾਹਿਬ ਵਿਖੇ ਅੱਜ ਦਿਨ ਦਿਹਾੜੇ ਪਿੰਡ ਦੇ ਨੌਜਵਾਨ ਬਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋ
ਗੁਰਦੁਆਰਾ ਸਾਹਿਬ ਦਾ ਦਰਵਾਜਾ ਤੋੜ ਕੇ ਪਾਲਕੀ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 763 ਪਾੜ ਕੇ ਬੇਅਦਬੀ ਕੀਤੀ ਗਈ ਇਸ ਦੌਰਾਨ ਤੁਰਤ ਮੌਕੇ ਤੇ ਪਿੰਡ ਵਾਸੀਆਂ ਨੇ ਉਸ ਵਿਅਕਤੀ ਨੂੰ ਜ਼ਬਰੀ ਫੜ ਕੇ ਬਾਹਰ ਲਿਆਂਦਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਐਸ.ਐਚ.ਓ ਮੋਰਿੰਡਾ ਗੁਰਸੇਵਕ ਸਿੰਘ ਅਤੇ ਲੁਠੇੜੀ ਪੁਲਿਸ ਚੌਕੀ ਦੇ ਇੰਚਾਰਜ ਛਿੰਦਰਪਾਲ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਦਿਆਂ ਦੋਸ਼ੀ ਬਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਥਾਣੇ ਲੈ ਗਏ।
ਇਸ ਮੌਕੇ ਐਸ.ਐਚ.ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਰਾਵਰ ਸਿੰਘ, ਮੀਤ ਪ੍ਰਧਾਨ ਅਜੈਬ ਸਿੰਘ ਪੰਚ, ਨੰਬਰਦਾਰ ਕੁਲਦੀਪ ਸਿੰਘ, ਮਲਕੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।
ਦੱਸ ਦਈਏ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ (ਐਸਆਈਟੀ) ਵਲੋਂ ਮੋਗਾ ਦੇ ਪਿੰਡ ਮਲਕੇ ਅਤੇ ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਬੇਅਦਬੀ ਦੀ ਘਟਨਾ ਸਬੰਧਿਤ ਬਾਗਾ ਪੁਰਾਣਾ ਅਤੇ ਫੂਲ ਅਦਾਲਤ ਵਿਚ ਚਲਾਨ ਪੇਸ਼ ਕੀਤੇ ਗਏ ਹਨ। ਮੋਗਾ ਦੇ ਪਿੰਡ ਮਲਕੇ ਵਿਚ ਹੋਏ ਬੇਅਦਬੀ ਮਾਮਲੇ ਸਬੰਧੀ ਸਿੱਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ ਪੰਜ ਦੇ ਵਿਰੁਧ ਚਲਾਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੁਰੂਸਰ ਕੇਸ ਸਬੰਧੀ 6 ਲੋਕਾਂ ਦੇ ਵਿਰੁਧ ਚਲਾਨ ਪੇਸ਼ ਕੀਤਾ ਗਿਆ ਹੈ।
ਐਸਆਈਟੀ ਪ੍ਰਮੁੱਖ ਡੀ.ਆਈ.ਜੀ. ਰਣਬੀਰ ਸਿੰਘ ਖਟਰਾ ਨੇ ਦੱਸਿਆ ਕਿ ਗੁਰੂਸਰ ਬੇਅਦਬੀ ਕੇਸ ਸਬੰਧਿਤ ਤਿੰਨ ਮੁੱਖ ਦੋਸ਼ੀਆਂ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਅਜੇ ਤੱਕ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੂਲ ਅਦਾਲਤ ਨੇ ਪਹਿਲਾਂ ਹੀ ਇਨ੍ਹਾਂ ਦੇ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸਆਈਟੀ ਇਨ੍ਹਾਂ ਦੇ ਵਿਰੁਧ ਸਪਲੀਮੈਂਟਰੀ ਚਲਾਨ ਦਰਜ ਕਰੇਗੀ।
ਖਟਰਾ ਨੇ ਦੱਸਿਆ ਕਿ ਇਹ ਤਿੰਨੇ ਹੀ ਵਿਅਕਤੀ ਡੇਰਾ ਸਿਰਸਾ ਦੇ ਨਜ਼ਦੀਕੀ ਹਨ। ਡੀ.ਆਈ.ਜੀ. ਖਟਰਾ ਨੇ ਦੱਸਿਆ ਕਿ ਅਦਾਲਤ ਵਿਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਵਿਸ਼ੇਸ ਤੌਰ ‘ਤੇ ਮਨਜ਼ੂਰੀ ਲਈ ਗਈ ਹੈ। ਸੂਤਰਾਂ ਦੇ ਮੁਤਾਬਕ ਮੁੱਖ ਦੋਸ਼ੀ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਹਿੱਸਾ ਸੀ, ਉਸ ਨੂੰ ਡੇਰਾ ਪ੍ਰਬੰਧਕਾਂ ਵਲੋਂ ਬੇਅਦਬੀ ਕਰਨ ਦੇ ਨਿਰਦੇਸ਼ ਦਿਤੇ ਗਏ ਸਨ।