ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੋਣ 'ਤੇ ਦਿੱਤੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਬੋਹਰ : ਵਿਦੇਸ਼ ਜਾਣ ਦਾ ਨਸ਼ਾ ਕਈ ਵਾਰ ਇੰਨੀਆਂ ਹੱਦਾਂ ਟੱਪ ਜਾਂਦਾ ਹੈ ਕਿ ਮਨੁੱਖ ਦਾ ਆਪਣੇ ਆਪ 'ਤੇ ਵੀ ਕਾਬੂ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ...

Navjot Singh

ਅਬੋਹਰ : ਵਿਦੇਸ਼ ਜਾਣ ਦਾ ਨਸ਼ਾ ਕਈ ਵਾਰ ਇੰਨੀਆਂ ਹੱਦਾਂ ਟੱਪ ਜਾਂਦਾ ਹੈ ਕਿ ਮਨੁੱਖ ਦਾ ਆਪਣੇ ਆਪ 'ਤੇ ਵੀ ਕਾਬੂ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਫ਼ਾਜਿਲਕਾ ਦੀ ਗੁਰੂ ਕ੍ਰਿਪਾ ਕਾਲੋਨੀ ਵਿਖੇ ਸਾਹਮਣੇ ਆਇਆ ਹੈ। ਜਿੱਥੇ ਵੀਜ਼ਾ ਨਾ ਲੱਗਣ ਕਾਰਨ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਗੁਰੂ ਕ੍ਰਿਪਾ ਕਲੋਨੀ ਨਿਵਾਸੀ ਸਬ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਤਨੀ ਨਾਲ ਐਤਵਾਰ ਦੀ ਸ਼ਾਮ ਬਾਜ਼ਾਰ 'ਚ ਸਬਜ਼ੀ ਲੈਣ ਲਈ ਗਿਆ ਸੀ। ਉਸ ਦਾ 25 ਸਾਲ ਦਾ ਪੁੱਤਰ ਨਵਜੋਤ ਸਿੰਘ ਘਰ ਇਕੱਲਾ ਸੀ। ਜਦ ਸਬਜ਼ੀ ਲੈ ਕੇ ਦੇਰ ਸ਼ਾਮ ਨੂੰ ਨਵਜੋਤ ਦੀ ਮਾਂ ਘਰ ਆਈ ਤਾਂ ਉਸ ਨੇ ਵੇਖਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਰਜਾਈ ਵਿੱਚ ਪਿਆ ਸੀ। ਉਸ ਨੇ ਨੇੜਿਓਂ ਵੇਖਿਆ ਤਾਂ ਨਵਜੋਤ ਖ਼ੂਨ ਨਾਲ ਲਥਪਥ ਪਿਆ ਸੀ। ਉਸ ਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਸੀ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕਾਂ ਵੀ ਮੌਕੇ ਉਤੇ ਘਰ ਪੁੱਜੇ ਤੇ ਘਟਨਾ ਦੀ ਸੂਚਨਾ ਨਵਜੋਤ ਦੇ ਪਿਤਾ ਬਲਜੀਤ ਸਿੰਘ ਤੇ ਲੋਕਲ ਪੁਲਿਸ ਨੂੰ ਦਿੱਤੀ ਗਈ।
ਸਿਟੀ ਥਾਣਾ ਮੁਖੀ ਜਤਿੰਦਰ ਸਿੰਘ ਤੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਘਟਨਾ ਸਥਾਨ ਉਤੇ ਪੁੱਜੇ ਤੇ ਰਾਤ ਕਰੀਬ 10 ਵਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਐਸਆਈ ਬਲਜੀਤ ਸਿੰਘ ਦੇ ਦੋ ਬੱਚੇ ਸਨ। ਇਨ੍ਹਾਂ ਵਿੱਚੋਂ ਪਿਛਲੇ ਦਸੰਬਰ ਮਹੀਨੇ ਵਿੱਚ ਉਸ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਹੈ। ਮ੍ਰਿਤਕ ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ ਇਸ ਲਈ ਉਸਨੇ ਦੋ ਵਾਰ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਦੋਨਾਂ ਵਾਰ ਹੀ ਉਸ ਦਾ ਵੀਜ਼ਾ ਨਾ ਲੱਗਾ। ਇਸ ਕਾਰਨ ਉਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹਿੰਦਾ ਸੀ। ਅਜਿਹੀ ਹਾਲਤ ਵਿੱਚ ਐਤਵਾਰ ਸ਼ਾਮ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ।