ਗਰੀਬ ਪਰਿਵਾਰ ਇਕਲੌਤੀ ਨਾਬਾਲਗ ਧੀ ਦੀ ਭਾਲ ਲਈ ਦਰ ਦਰ ਖਾ ਰਿਹਾ ਹੈ ਠੋਕਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਸ ਵੱਲੋਂ ਮੋਬਾਈਲ ਦੀ ਲੋਕੇਸ਼ਨ ਲਗਾ ਕੇ ਭਾਲ ਕੀਤੀ ਜਾ ਰਹੀ ਹੈ-ਡੀ.ਐਸ.ਪੀ ਜਲਾਲਾਬਾਦ...

Family

ਜਲਾਲਾਬਾਦ: ਚਾਹੇ ਦਿਨੋਂ ਦਿਨ ਨਾਬਾਲਗ ਲੜਕੀਆਂ ’ਤੇ ਵੱਧ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਉਣ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਨੂੰਨ ਬਣਾ ਉਨ੍ਹਾਂ ਦੀ ਪੁਖਤਾ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ 2 ਮਹੀਨੇ ਦਾ ਸਮਾਂ ਬੀਤਣ ਦੇ ਬਵਾਜ਼ੂਦ ਵੀ ਨਾਬਾਲਗ ਲੜਕੀ ਦੀ ਭਾਲ ਕਰਨ ’ਚ ਜਲਾਲਾਬਾਦ ਪੁਲਿਸ ਫੇਲ ਸਾਬਤ ਹੋਈ ਹੈ।

ਜਿੱਥੇ ਇਕ ਪਾਸੇ ਸ਼ਹਿਰ ਵਾਸੀ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਖੁਸ਼ੀਆਂ ਮਨਾ ਰਿਹਾ ਸੀ ਦੂਸਰੇ ਪਾਸੇ ਜਲਾਲਾਬਾਦ ਦੇ ਬਾਹਮਣੀ ਵਾਲਾ ਫਾਟਕ ਦੇ ਨਜ਼ਦੀਕ 1 ਜਨਵਰੀ ਯਾਨੀ ਨਵੇਂ ਸਾਲ ਵਾਲੇ ਦਿਨ ਗ਼ਰੀਬ ਮਾਂ ਬਾਪ ਦੇ ਨਾਬਾਲਗ ਲੜਕੀ ਨੂੰ ਗੁਆਂਢ ਚ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਵਰਗਲਾ ਕੇ ਲਿਜਾਣ ਨਾਲ ਉਨ੍ਹਾਂ ਵਾਸਤੇ ਨਵਾਂ ਸਾਲ ਇੱਕ ਸੂਲ ਬਣਾ ਦਿੱਤਾ ਜੋ ਕਿ ਹਾਲੇ ਤੱਕ ਵੀ ਚੁਭਣੋਂ ਨਹੀਂ ਹਟਿਆ। ਜਲਾਲਾਬਾਦ ਦੇ ਬਾਹਮਣੀ ਵਾਲਾ ਫਾਟਕ ਦੇ ਨੇੜਿਓ 2 ਨੌਜ਼ਵਾਨਾਂ ਇੱਕ ਨਾਬਾਲਗ ਲੜਕੀ ਨੂੰ ਵਰਗ਼ਲਾ ਫੁਸਲਾ ਕੇ ਮਿਤੀ 1 ਜਨਵਰੀ 2021 ਨੂੰ ਲੈ ਕੇ ਗਏ ਸਨ।

ਨਾਬਾਲਗ ਲੜਕੀ ਦੇ ਮਾਤਾ ਪਿਤਾ ਗਰੀਬ ਹੋਣ ਕਾਰਨ ਆਪਣੀ ਧੀ ਦੀ ਭਾਲ ਅਤੇ ਇੰਨਸਾਫ ਲੈਣ ਲਈ ਥਾਣਾ ਸਿਟੀ ਜਲਾਲਾਬਾਦ ਦੇ ਚੱਕਰ ਕੱਢ ਰਿਹਾ ਹੈ।  ਲੜਕੀ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਦਰਖਾਸਤ ਤੇ ਪਹਿਲਾਂ ਕਾਫ਼ੀ ਦਿਨ ਮੁਕੱਦਮਾ ਨਹੀਂ ਦਰਜ ਕੀਤਾ ਗਿਆ ਬਾਅਦ ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਉਨ੍ਹਾਂ ਦੀ ਲੜਕੀ ਨੂੰ ਲੱਭਣ ਲਈ ਪੁਲਸ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਵਾਰ ਵਾਰ ਚੱਕਰ ਮਰਵਾ ਰਹੇ ਹਨ।

 ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਨ੍ਹਾਂ ਤੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਵੱਲੋਂ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਜੋ ਇਸ ਸੰਬੰਧ ਚ ਪਲਵਿੰਦਰ ਸਿੰਘ  ਡੀਐੱਸਪੀ ਜਲਾਲਾਬਾਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੀ ਭਾਲ ਵਾਸਤੇ ਪੁਲੀਸ ਵੱਲੋਂ ਮੋਬਾਇਲ ਲੋਕੇਸ਼ਨ ਦੇ ਆਧਾਰ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।